ਦੋਸਤੋ! ਮੈਂ ਆਪਣੀ ਇਕ ਨਜ਼ਮ ‘ਚ ਇੰਝ ਲਿਖਿਆ ਸੀ ਕਿ...ਕੱਲ੍ਹ ਰਾਤ
ਹਾਂ ! ਕੱਲ੍ਹ ਰਾਤ
ਮੈਂ ਤੇਰੇਦਰਦ ਦੇ
ਜੰਗਲ ‘ਚੋਂ ਗੁਜ਼ਰੀ ਸਾਂ
ਪਰ ਕੁਤਰੇ ਗਏ ਸਨ
ਮੇਰੀ ਚੀਖ ਦੇ....
ਇਸ ਨਜ਼ਮ ਨੂੰ ਲਿਖਣ ਸਮੇਂ ਜਿਹੜੇ ਅਹਿਸਾਸਾਂ ਮੈਨੂੰ ਚਾਰੇ ਪਾਸਿਉਂ ਵਲ਼ਿਆ ਸੀ, ਮੈਨੂੰ ਕੀ ਪਤਾ ਸੀ ਕਿ ਕੋਈ ਮੈਥੋਂ ਬਿਨਾ ਵੀ ਕਿਤੇ ਬੈਠਾ ਕਦੇ ਇਹਨਾਂ ਨੂੰ ਤਨ, ਮਨ ‘ਤੇ ਹੰਢਾ ਵੀ ਰਿਹਾ ਹੋਵੇਗਾ। ਕੁਝ ਕੁ ਦਿਨ ਪਹਿਲਾਂ ਫੇਸਬੁੱਕ ‘ਤੇ ਕਿਸੇ ਦੋਸਤ ਨੇ ਪੋਸਟ ਕੀਤਾ ਸੀ ਕਿ ਪੰਜਾਬੀ ਦੀ ਅਜ਼ੀਮ ਕਹਾਣੀਕਾਰਾ ਪਰਵੇਜ਼ ਸੰਧੂ ਨਾਲ਼ ਕੋਈ ਸੰਪਰਕ ਨਹੀਂ ਹੋ ਰਿਹਾ, ਉਸਦੇ ਸਾਰੇ ਸਾਹਿਤਕ ਦੋਸਤ ਪਰੇਸ਼ਾਨ ਸਨ।
ਅਚਾਨਕ ਕੱਲ੍ਹ ਮੈਨੂੰ ਪਰਵੇਜ਼ ਸੰਧੂ ਜੀ ਨੇ ਆਪਣੀ ਪਰੋਫਾਈਲ ਘੱਲੀ, ਮੈਂ ਹੈਰਾਨ ਹੋਈ....ਸੋਚਿਆ ਸ਼ਾਇਦ ਬੱਚੇ ਪਰੇਸ਼ਾਨ ਹੋਣਗੇ, ਏਸੇ ਕਰਕੇ ਫੇਸਬੁੱਕ ‘ਤੇ ਸਰਚ ਕਰ ਰਹੇ ਹੋਣਗੇ। ਨਿੱਜੀ ਰੁਝੇਵਿਆਂ ਕਰਕੇ ਮੈਂ ਪਰੋਫਾਈਲ ਨੂੰ ਸਵੇਰੇ ਵੇਖਣ ਲਈ ਛੱਡ ਦਿੱਤਾ। ਅੱਜ ਮੈਂ ਕੁਝ ਸੁਨੇਹੇ ਵੇਖ ਹੀ ਰਹੀ ਸੀ ਕਿ ਪਰਵੇਜ਼ ਸੰਧੂ ਹੁਰੀ ਦੀ ਆਈ.ਡੀ. ਤੋਂ ‘ਹੈਲੋ’ਦਾ ਸੰਖੇਪ ਜਿਹਾ ਸੁਨੇਹਾ ਤੇ ਇਕ ਤਸਵੀਰ ਤੇ ਦਿਲ ਨੂੰ ਹਿਲਾ ਦੇਣ ਵਾਲ਼ੀਆਂ ਸਤਰਾਂ ਨਾਲ਼ ਕੀਤਾ ਟੈਗ ਵੀ ਮਿਲ਼ਿਆ...ਮੈਂ ਬਹੁਤ ਹੈਰਾਨ ਵੀ ਹੋਈ ਤੇ ਖ਼ੁਸ਼ ਵੀ...ਫੇਰ ਸੋਚਿਆ ਕਿ ਸ਼ਾਇਦ ਉਹਨਾਂ ਦੇ ਬੱਚੇ ਉਹਨਾਂ ਨੂੰ ਲੱਭ ਰਹੇ ਨੇ...ਮੈਂ ਪੰਜਾਬੀ ‘ਚ ਜਵਾਬ ਲਿਖਿਆ....ਮੈਡਮ ਪਰਵੇਜ਼ ਜੀ ਦਾ ਜਵਾਬ ਆਇਆ..... ਪਤਾ ਲੱਗਿਆ ਕਿ ਇਹ ਤਾਂ ਉਹ ਖ਼ੁਦ ਹੀ ਸਨ....ਉਹਨਾਂ ਨੇ ਲਿਖਿਆ ਸੀ ਕਿ ਤਸਵੀਰ ਵਿਚਲੀ ਖ਼ੂਬਸੂਰਤ ਲੜਕੀ ਜੋ ਕਿ ਉਹਨਾਂ ਦੀ ਬੇਟੀ ਸਵੀਨਾ ਸੰਧੂ ਹੈ, ਨੂੰ ਮਾਰਚ 2011 ਵਿਚ ਕੈਂਸਰ ਜਿਹੀ ਨਾ-ਮੁਰਾਦ ਬੀਮਾਰੀ ਨੇ ਉਹਨਾਂ ਤੋਂ ਖੋਹ ਲਿਆ ਸੀ...ਮੈਂ ਕਦੇ ਤਸਵੀਰ ਵੱਲ ਵੇਖਾਂ...ਕਦੇ ਤਸਵੀਰ ‘ਤੇ ਲਿਖਿਆ ਪੜ੍ਹਾਂ...
ਅਰਥੀ ਨੂੰ ਮੋਢਾ ਦੇਣ ਵਾਲ਼ਿਓ...
ਪਿੱਛੇ ਮੁੜ ਕੇ ਵੀ
ਦੇਖ ਲੈਣਾ ਸੀ
ਬਹੁਤ ਕੁਝ
ਰਹਿ ਗਿਆ ਹੈ ਪਿੱਛੇ
ਜੋ ਤੁਹਾਡੇ ਨਜ਼ਰੀ ਨਹੀਂ ਪਿਆ
ਬਹੁਤ ਕੁਝ
...ਤੇ ਸੋਚਾਂ ਇਸ ਦਾ ਕੀ ਜਵਾਬ ਲਿਖਾਂ...ਲਫ਼ਜ਼ ਕਿੱਥੋਂ ਲਿਆਵਾਂ.....ਜੇਰਾ ਕਿੱਥੋਂ ਟੋਲ਼ਾਂ....ਇਕ ਮਾਂ ਦੇ ਹਿਰਦੇ ਦੇ ਧੁਰ ਅੰਦਰੋਂ ਨਿਕਲ਼ੇ ਇਸ ਸ਼ਬਦ ਨਹੀਂ, ਦੁਹਾਈ ਸਨ.....ਉਸ ਸੱਚੇ ਰੱਬ ਅੱਗੇ ਜੀਹਨੇ ਕਲੀਆਂ ਤੋਂ ਕੋਮਲ ਉਸਦੀ ਧੀ ਨੂੰ ਕਰੁੱਤੇ ਹੀ ਖੋਹ ਲਿਆ ਸੀ....
ਖ਼ੈਰ! ਦਿਲ ਕਰੜਾ ਕਰਕੇ ਜਵਾਬ ਲਿਖਿਆ ਤਾਂ ਪਰਵੇਜ਼ ਹੁਰਾਂ ਨੇ ਲਿਖਿਆ ਕਿ ਉਹ ਸਵੀਨਾ ਸੰਧੂ ( ਉਹਨਾਂ ਦੀ ਬੇਟੀ ) ਦੇ ਵਿਛੋੜੇ ਤੋਂ ਬਾਅਦ ਬਹੁਤ ਇਕੱਲੇ ਹੋ ਗਏ ਹਨ....ਤੇ ਚੁੱਪ ਰਹਿ ਕੇ ਬਸ ਸਵੀਨਾ ਦੀ ਮਿੱਠੀਆਂ ਯਾਦਾਂ ਨੂੰ ਗਲ਼ੇ ਲਾ ਉਹਦੇ ਬਾਰੇ ਲਿਖਦੇ ਰਹੇ ਹਨ....ਫੇਰ ਉਹਨਾਂ ਨੇ ਆਪਣੀਆਂ ਦੋ ਨਜ਼ਮਾਂ ਮੈਨੂੰ ਘੱਲੀਆਂ ਤੇ ਨਾਲ਼ ਪਿਆਰੀ ਜਿਹੀ ਸਵੀਨਾ ਦੀ ਫ਼ੋਟੋ ਵੀ...ਬਾਕੀ ਫ਼ੋਟੋਆਂ ਮੈਂ ਫੇਸ ਬੁੱਕ ‘ਤੇ ਵੇਖ ਕੇ ਪਹਿਲਾਂ ਹੀ ਰੋ ਚੁੱਕੀ ਸਾਂ....
ਦਰਦ ਨੂੰ ਮਿਟਾਉਣਾ ਸੰਭਵ ਨਹੀਂ ਹੁੰਦਾ, ਪਰ ਆਖਦੇ ਨੇ ਜੇ ਉਹਨਾਂ ਨੂੰ ਕਾਗ਼ਜ਼ ‘ਤੇ ਉਤਾਰ ਲਈਏ ਤਾਂ ਮਨ ਹਲਕਾ ਹੋ ਜਾਂਦੈ...ਇਹੀ ਪਰਵੇਜ਼ ਜੀ ਨੇ ਕੀਤਾ ਹੈ। ਅੱਜ ਦੀ ਪੋਸਟ ਵਿਚ ‘ਸਵੀਨਾ’ ਨੂੰ ਯਾਦ ਕਰਦੀ ਇਕ ਮਾਂ ਦੀਆਂ ਨਜ਼ਮਾਂ ( ਜਾਂ ਮਰਸੀਏ ਆਖ ਲਈਏ ).. ਸਾਂਝੀਆਂ ਕਰ ਰਹੀ ਆਂ....ਪੰਜਾਬੀ ਦੀ ਏਨੀ ਪਿਆਰੀ ਕਹਾਣੀਕਾਰਾ ਪਰਵੇਜ਼ ਜੀ ਦੀ ਹਾਜ਼ਰੀ ਮਰਸੀਆਂ ਵਰਗੀਆਂ ਨਜ਼ਮਾਂ ਨਾਲ਼ ਲੱਗੇਗੀ...ਕਿਸਨੇ ਕਿਆਸ ਕੀਤਾ ਸੀ?? ਪਿਆਰੀ ਸਵੀਨਾ......ਤੂੰ ਪਰੀ ਸੈਂ...ਬਸ ਥੋੜ੍ਹੀ ਦੇਰ ਲਈ ਅਰਸ਼ੋਂ ..ਪਰਵੇਜ਼ ਹੁਰਾਂ ਦੇ ਵਿਹੜੇ ਉੱਤਰੀ ਸੈਂ.....ਪਰ ਤੇਰੀ ਮੰਮੀ ਦੀ ਦੁਨੀਆਂ ਤੇਰੇ ਨਾਲ਼ ਸੀ ਅਤੇ ਹੈ......ਪਰ ਪਰੀਏ ! ਕਦੇ ਉਸਦੀਆਂ ਯਾਦਾਂ ‘ਚ ਆਉਣਾ ਨਾ ਭੁੱਲੀਂ......ਉਹ ਰੋਜ਼ ਆਪਣੇ ਹੰਝੂਆਂ ਨਾਲ਼, ਆਪਣੇ ਘਰ ਦੀ ਦਹਿਲੀਜ਼ ਤੇਰੀ ਆਮਦ ਲਈ ਰੌਸ਼ਨ ਕਰਦੀ ਹੈ....ਆਮੀਨ!
ਮੈਡਮ ਪਰਵੇਜ਼ ਸੰਧੂ ਜੀ ਦੇ ਨਾਲ਼ ਸਵੀਨਾ ਨੂੰ ਆਰਸੀ ਪਰਿਵਾਰ ਵੱਲੋਂ ਯਾਦ ਕਰਦਿਆਂ...
ਤਨਦੀਪ
******
ਅਰਥੀ ਨੂੰ ਮੋਢਾ ਦੇਣ ਵਾਲ਼ਿਓ...
ਨਜ਼ਮ
ਅਰਥੀ ਨੂੰ ਮੋਢਾ ਦੇਣ ਵਾਲ਼ਿਓ...
ਪਿੱਛੇ ਮੁੜ ਕੇ ਵੀ
ਦੇਖ ਲੈਣਾ ਸੀ
ਬਹੁਤ ਕੁਝ
ਰਹਿ ਗਿਆ ਹੈ ਪਿੱਛੇ
ਜੋ ਤੁਹਾਡੇ ਨਜ਼ਰੀ ਨਹੀਂ ਪਿਆ
ਬਹੁਤ ਕੁਝ
ਦੇਖਿਆ ਨਹੀ ਤੁਸੀਂ
ਬਹੁਤ ਕੁਝ ਰਹਿ ਗਿਆ ਹੈ
ਦੇਖਣ ਵਾਲਾ
ਤੁਸੀਂ ਤਾਂ ਸਿਰਫ਼ ਅਰਥੀ ਦਾ ਬੋਝ
ਹੀ ਢੋਇਆ ਹੈ
ਸਿਰਫ਼ ਬਲ਼ਦਾ
ਸਿਵਾ ਹੀ ਦੇਖਿਆ
ਜਾਂ ਬੱਸ ਕੋਈ
ਰੋਂਦੀ ਅੱਖ ਦੇਖੀ ਐ
ਜਾਂ ਸਿਰਫ਼ ਛਾਤੀ ਦੀ
ਹੂਕ ਸੁਣੀ ਐ
ਤੁਸੀਂ ਤਾਂ ਡਰ ਗਏ
ਕਿਸੇ ਦੀ ਸਜੀ ਲੋਥ
ਦੇਖ ਕੇ ਹੀ
ਤਾਹਿਓਂ ਤਾਂ ਤੁਸਾਂ ਪਿੱਛੇ
ਮੁੜ ਕੇ ਨਹੀ ਤੱਕਿਆ
ਅਰਥੀ ਦਾ ਬੋਝ ਤਾਂ
ਸਿਰਫ਼ ਘੜੀਆਂ ਪਲਾਂ
ਦਾ ਬੋਝ ਸੀ
ਤੁਸੀਂ ਤਾਂ ਤੁਰ ਗਏ
ਪਲਾਂ ਦਾ ਬੋਝ ਢੋਅ ਕੇ
ਕਦੀ ਮੁੜ ਕੇ ਤਾਂ ਦੇਖ ਲੈਂਦੇ
ਕਿ ਕਿੰਝ
ਢੋਦੀਆਂ ਨੇ ਜਿਉਂਦੀਆਂ ਲਾਸ਼ਾਂ
ਆਪਣਾ ਬੋਝ ਆਪੇ ..
=====
ਸ਼ੀਨੇ... ਤੂੰ ਮੈਨੂੰ ਚੇਤੇ ਆਵੇਂਗੀ..
ਨਜ਼ਮ
ਜਦ ਕਦੀ ਕਿਸੇ ਮਾਂ ਦੀ
ਹਰੀ ਕੁੱਖ ਦੇਖਾਂਗੀ
ਜਾਂ ਲੋਰੀ ਦੀ ‘ਵਾਜ ਸੁਣਾਂਗੀ.....
ਤਾਂ ਤੂੰ ਚੇਤੇ ਆਵੇਂਗੀ......
ਜਦੋਂ ਕਦੀ ਭੋਲ਼ੀਆਂ ਅੱਖਾਂ
ਵਾਲ਼ੀ ਨੰਨ੍ਹੀ ਪਰੀ
ਸਾਹਵੇਂ ਆਏਗੀ
ਜਾਂ ਲਾਲ ਰਿਬਨਾਂ ਵਾਲ਼ੀ
ਗੁਆਂਢੀਆਂ ਦੀ ਧੀ ਦੀਆਂ
ਕਿਲਕਾਰੀਆਂ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਚਿੜੀਆਂ ਦਾ ਚੰਬਾ
ਜਾਂ ਕੁੜੀਆਂ ਦਾ ਝੁੰਡ ਤੇ
ਰੰਗਲੇ ਉੱਡਦੇ ਦੁਪੱਟੇ ਦੇਖਾਂਗੀ ...
ਜਾਂ ਨਵੀ ਵਿਆਹੀ ਦੇ
ਸੂਹੇ ਚੂੜੇ ਦੀ ਛਣਕਾਰ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ ...
ਜਦ ਕਦੀ ਮਹਿੰਦੀ ਰੱਤੜੇ ਹੱਥ..
ਫੁਲਕਾਰੀ ਨਾਲ਼ ਲਪੇਟੀ
ਮਾਂਈਏ ਪਈ ਕਿਸੇ
ਕਰਮਾਂ ਵਾਲ਼ੀ ਨੂੰ ਦੇਖਾਗੀ
ਜਾਂ ਸੁਹਾਗ ਗਾਉਦੀ ਕਿਸੇ ਮਾਂ ਨੂੰ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ
ਜਦ ਕਦੀ ਸਿਹਰਿਆਂ ‘ਚ ਸਜਿਆ ਗੱਭਰੂ
ਜਾਂ ਬਰੂਹਾਂ ‘ਤੇ ਢੁਕੀ ਜੰਞ ਦੇਖਾਂਗੀ
ਜਾਂ ਫੇਰ ਸਜੀ ਡੋਲੀ
ਤੇ ਬਾਪ ਦੇ ਗਲ਼ ਲੱਗੀ ਧੀ
ਜਾਂ ‘ਆਹ ਲੈ ਮਾਏ ਸਾਂਭ ਕੁੰਜੀਆਂ’
ਦਾ ਗੀਤ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਚੜ੍ਹਦਾ ਚੰਨ ਦੇਖਾਂਗੀ
ਡੁੱਬਦਾ ਸੂਰਜ ਦੇਖਾਂਗੀ
ਜਾਂ ਅਸਮਾਨਾਂ ਦੀ ਹਿੱਕ ‘ਚੋਂ
ਵਰ੍ਹਦੀ ਬੱਦਲੀ ਨੂੰ ਦੇਖਾਂਗੀ
ਜਾਂ ਟੁੱਟਦੇ ਤਾਰਿਆਂ ਦੀ ਚੀਖ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਅਰਥੀ ਨੂੰ ਦੇਖਾਂਗੀ
ਜਾਂ ਡੋਲੀ ਨੂੰ ਦੇਖਾਂਗੀ
ਭੈਣਾਂ ਨੂੰ ਵਿਦਾ ਕਰਦੇ ਵੀਰਾਂ ਨੂੰ ਦੇਖਾਂਗੀ
ਜਾਂ ਮੋਈ ਧੀ ਨੂੰ, ਰੋਂਦੇ ਬਾਪ ਨੂੰ ਦੇਖਾਂਗੀ
ਚੂੜਾ ਪਾਉਂਦੇ ਮਾਮੇ ਨੂੰ
ਦੁਹੱਥੜੀਂ ਪਿੱਟਦੀ ਕਿਸੇ ਮਾਂ ਨੂੰ
ਜਾਂ ਮਾਸੀ ਦੇ ਕੀਰਨੇ ਸੁਣਾਂਗੀ
ਤਾਂ ਤੂੰ ਚੇਤੇ ਆਵੇਂਗੀ....
ਤੂੰ ਚੇਤੇ ਆਵੇਂਗੀ....
ਚੇਤੇ ਆਵੇਂਗੀ........