ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 24, 2010

ਡਾ: ਸ਼ਮਸ਼ੇਰ ਮੋਹੀ - ਗ਼ਜ਼ਲ

ਸਾਹਿਤਕ ਨਾਮ: ਡਾ: ਸ਼ਮਸ਼ੇਰ ਮੋਹੀ

ਅਜੋਕਾ ਨਿਵਾਸ: ਰੋਪੜ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ ਦੇ ਕਾਵਿ-ਸ਼ਾਸ਼ਤਰ ਤੇ ਡਾਕਟਰੇਟ ਕਰ ਚੁੱਕੇ ਡਾ: ਮੋਹੀ ਸਾਹਿਬ ਦੀਆਂ ਤਿੰਨ ਕਿਤਾਬਾਂ: ਆਲੋਚਨਾ: ਪੰਜਾਬੀ ਗ਼ਜ਼ਲ-ਚਿੰਤਨ, ਗ਼ਜ਼ਲ-ਸੰਵਾਦ, ਤਾਜ਼ੀ ਹਵਾ ਦਾ ਬੁੱਲਾ ( ਉੱਭਰ ਰਹੇ ਨੌਜਵਾਨ ਗ਼ਜ਼ਲਗੋਆਂ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਅੱਜ ਡਾ: ਸ਼ਮਸ਼ੇਰ ਮੋਹੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਉਹਨਾਂ ਵੱਲੋਂ ਘੱਲੀਆਂ ਤਿੰਨ ਗ਼ਜ਼ਲਾਂ ਨੂੰ ਅੱਜ ਦੀ ਪੋਸਟ 'ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਾਕੀ ਗ਼ਜ਼ਲਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ।

ਉਦਾਸੀ ਬਹਿ ਗਈ ਘਰ ਦੇ ਹਰਿਕ ਕੋਨੇ ਚ ਆ ਕੇ ।

-----

ਕਦੇ ਮੈਨੂੰ ਉਹ ਅਪਣਾ ਜਾਣ ਜੇ ਦੁੱਖ ਫੋਲ ਲੈਂਦਾ,

ਮੈ ਪੀ ਲੈਂਦਾ ਉਦ੍ਹੇ ਦਰਦਾਂ ਦਾ ਦਰਿਆ ਡੀਕ ਲਾ ਕੇ।

-----

ਤੁਹਾਡੀ ਮੰਜ਼ਿਲਾਂ ਦੀ ਤਾਂਘ ਤੇ ਫਿਰ ਦਾਦ ਦੇਂਦੇ,

ਦਿਲਾਂ ਵਿਚ ਰਸਤਿਆਂ ਦਾ ਮੋਹ ਵੀ ਜੇ ਰਖਦੇ ਬਚਾ ਕੇ।

-----

ਕਦੇ ਦਿਲ ਮਖ਼ਮਲੀ ਰਾਹਾਂ ਤੇ ਵੀ ਮਾਯੂਸ ਰਹਿੰਦੈ,

ਕਦੇ ਮਾਰੂਥਲਾਂ ਨੂੰ ਨਿਕਲ਼ ਪੈਂਦੈ ਮੁਸਕਰਾ ਕੇ।

-----

ਉਹ ਸੋਚਾਂ ਮੇਰੀਆਂ ਵਿਚ ਹੋ ਗਿਐ ਧੁਰ ਤੀਕ ਸ਼ਾਮਿਲ,

ਮੈਂ ਜਿਸ ਤੋਂ ਰੱਖਦਾ ਫਿਰਦਾਂ ਬੜੀ ਦੂਰੀ ਬਣਾ ਕੇ ।

-----

ਉਹ ਮੈਨੂੰ ਮੌਲਦਾ ਤੱਕ ਕੇ ਬੜਾ ਹੀ ਤਿਲਮਿਲਾਏ,

ਮਨਾਇਆ ਜਸ਼ਨ ਸੀ ਜਿਹਨਾਂ ਜੜ੍ਹਾਂ ਵਿਚ ਤੇਲ ਪਾ ਕੇ।

======

ਗ਼ਜ਼ਲ

ਹੁਣ ਨਹੀਂ ਆਉਂਦਾ ਜਿਨ੍ਹਾਂ ਨੂੰ ਭੁੱਲ ਕੇ ਸਾਡਾ ਖ਼ਿਆਲ।

ਯਾਦ ਆਉਂਦੇ ਹੋਰ ਵੀ ਉਹ ਹਰ ਬਦਲਦੀ ਰੁੱਤ ਨਾਲ।

-----

ਕਿਸ ਤਰ੍ਹਾਂ ਮੈ ਪੇਟ ਖ਼ਾਤਰ ਖੰਭ ਗਹਿਣੇ ਧਰ ਦਿਆਂ,

ਸਿਰਫ਼ ਚੋਗੇ ਦਾ ਨਹੀਂ ਪਰਵਾਜ਼ ਦਾ ਵੀ ਹੈ ਸਵਾਲ।

-----

ਤੇਰਿਆਂ ਜ਼ੁਲਮਾਂ ਦੀ ਸ਼ਾਇਦ ਅੱਗ ਹੀ ਕੁਝ ਤੇਜ਼ ਹੈ,

ਖ਼ੂਨ ਮੇਰੇ ਦਾ ਨਾ ਤਾਂ ਹੀ ਹੋ ਰਿਹਾ ਮੱਠਾ ਉਬਾਲ।

-----

ਔਕੜਾਂ, ਦੁਸ਼ਵਾਰੀਆਂ ਤੇ ਘਾਟਿਆਂ ਤੋਂ ਡਰਦਿਆਂ,

ਤੇਰੇ ਸੰਚੇ ਵਿਚ ਨਹੀਂ ਖ਼ੁਦ ਨੂੰ ਸਕਾਂਗਾ ਫਿਰ ਵੀ ਢਾਲ।

-----

ਮੇਰੇ ਅੰਦਰਲਾ ਸਮੁੰਦਰ ਸ਼ਾਂਤ ਨਾ ਇਕ ਪਲ ਰਿਹਾ,

ਮੈਂ ਕਿਵੇਂ ਉਸ ਝੀਲ ਸਾਹਵੇਂ ਬੈਠਦਾ ਆਰਾਮ ਨਾਲ।

=====

ਗ਼ਜ਼ਲ

ਮਸਤਕ ਚ ਚੇਤਨਾ ਦੀ ਬਲ਼ਦੀ ਮਸ਼ਾਲ ਰੱਖੀਂ।

ਚਲਣੈ ਜੇ ਨਾਲ਼ ਮੇਰੇ ਜਿਗਰਾ ਕਮਾਲ ਰੱਖੀਂ ।

-----

ਤੱਕੇ ਹਵਾ ਵੀ ਰੁਕ ਰੁਕ ਤੇਰੀ ਅਦਾ ਤੇ ਜੇਰਾ,

ਨਿਕਲੇਂ ਸਫ਼ਰ ਤੇ ਜਦ ਵੀ ਐਸੀ ਤੂੰ ਚਾਲ ਰੱਖੀਂ।

-----

ਆਉਣੈ ਜੇ ਏਸ ਬਸਤੀ ਮੇਰੀ ਸਲਾਹ ਹੈ ਤੈਨੂੰ,

ਹੰਝੂ ਸੰਭਾਲ ਰੱਖੀਂ, ਜੇਬੇ ਰੁਮਾਲ ਰੱਖੀਂ।

-----

ਲੜਦਾ ਰਹਾਂਗਾ ਮੈਂ ਵੀ ਬਦਲਣ ਲਈ ਇਹ ਮੌਸਮ,

ਚੰਗੇ ਦਿਨਾਂ ਦਾ ਸੁਪਨਾ ਤੂੰ ਵੀ ਸੰਭਾਲ ਰੱਖੀਂ।

-----

ਹੁਣ ਤਾਂ ਪਰ੍ਹੇ ਮੋਹੀਸੱਦਿਆ ਤੂੰ ਜਾਣੈਂ ਝੂਠਾ,

ਕਿਸ ਨੇ ਕਿਹਾ ਸੀ ਤੈਨੂੰ ਵੱਖਰੇ ਖ਼ਿਆਲ ਰੱਖੀਂ ।

9 comments:

Unknown said...

WAH!!!
BAKAMAAL GHAZLA'N NE DR. MOHI JI DEEA'N..
PUNJABI GHAZAL DE ES CHAHRHDE SOORAJ NU SLAAM..

Unknown said...

Clear thought, command on versification and simple & original thought. These are rare phenomena Mohi Sahib, congratulations.

Rajinderjeet said...

ਅਛੂਤੇ ਖ਼ਿਆਲ ਅਤੇ ਨਿਭਾਅ ਕਰਕੇ ਇਹਨਾਂ ਗ਼ਜ਼ਲਾਂ ਨੂੰ ਵਾਰ-ਵਾਰ ਪੜਨ ਨੂੰ ਮਨ ਕੀਤਾ !

ਤਨਦੀਪ 'ਤਮੰਨਾ' said...

ਡਾ. ਸ਼ਮਸ਼ੇਰ ਮੋਹੀ ਦੀਆਂ ਗ਼ਜ਼ਲਾਂ ਪੜ੍ਹ ਕੇ ਰੂਹ ਤਰੋ-ਤਾਜ਼ਾ ਹੋ ਗਈ। ਬਹੁਤ ਦੇਰ ਬਾਦ ਨਿਵੇਕਲੇ ਖ਼ਿਆਲਾਂ ਨੂੰ ਪੇਸ਼ ਕਰਦੀਆਂ ਖ਼ੂਬਸੂਰਤ ਗ਼ਜ਼ਲਾਂ ਪੜ੍ਹਨ ਨੂੰ ਮਿਲੀਆਂ। ਸ਼ਮਸ਼ੇਰ ਦੀਆਂ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੇ ਕਦ ਨੂੰ ਹੋਰ ਬੁਲੰਦ ਕਰਦੀਆਂ ਹਨ। ਮੈਂ ਖ਼ੁਦ ਗ਼ਜ਼ਲ ਦਾ ਪਾਠਕ ਹਾਂ ਅਤੇ ਪੰਜਾਬੀ ਪਾਠਕਾਂ ਨੂੰ ਹਿੱਕ ਚੌੜੀ ਕਰ ਕੇ ਕਹਿ ਸਕਦਾ ਹਾਂ-‘ਐਹ ਹੁੰਦੀ ਐ ਗ਼ਜ਼ਲ।’ ‘ਆਰਸੀ’ ਦਾ ਵਿਸ਼ੇਸ਼ ਧੰਨਵਾਦ ਇਹ ਰਚਨਾਵਾਂ ਪਾਠਕਾਂ ਤੱਕ ਪਹੁੰਚਾਉਣ ਲਈ।
ਸੁਰਿੰਦਰ ਸੋਹਲ
ਯੂ ਐਸ ਏ

Unknown said...

ਕਈ ਚਿਰਾਂ ਪਿਛੋਂ ਏਨੇ ਪੁਖਤਾ ਤੇ ਮੌਲਕ ਖਿਆਲ ਪੜਨ ਨੂੰ ਮਿਲੇ । ਅਖੌਤੀ ਸਿਆਣਪਾਂ ਜਾਂ ਮੱਤਾਂ ਦੇਣੀ ਸ਼ਾਇਰੀ ਤੋਂ ਪਾਰ ਜਦੋ ਕਵਿਤਾ ਪਰ ਫੈਲਾਉਂਦੀ ਹੈ ਤਾਂ ਏਹੋ ਜਿਹੀਆਂ ਰਚਨਾਵਾਂ ਪੈਦਾ ਹੁੰਦੀਆਂ ਹਨ। ਮੋਹੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤਮੰਨਾ ਜੀ ਤੁਹਾਡਾ ਧੰਨਵਾਦ ।

Davinder Punia said...

bakamaal kalaam hai Mohi sahab da, bulandiaan vall janda hoia....

Sukhdarshan Dhaliwal said...

Mohi Sahib diyaN GhazalaN bohut hi Khoobsurat han...Wah! Wah!..thank you so much...Sukhdarshan

ਤਨਦੀਪ 'ਤਮੰਨਾ' said...

Dr mohi Punjabi Ghazal de kheter vich zarooor hi navian ate navekalian pairhan chhadange.. agge hor v rachnavan di udeek numan talab rahegi.
Dharminder Bhangoo
====
ਭੰਗੂ ਸਾਹਿਬ ਦੀ ਟਿੱਪਣੀ ਸਿੱਧੀ ਪੋਸਟ ਕਰਨ 'ਚ ਦਿੱਕਤ ਪੇਸ਼ ਆ ਰਹੀ ਸੀ,ਸੋ ਮੈਂ ਕਾਪੀ ਕਰਕੇ ਪੋਸਟ ਕਰ ਰਹੀ ਹਾਂ। ਸ਼ੁਕਰੀਆ।
ਤਨਦੀਪ

Unknown said...

Mohi Sahib tuhadiaa pukhta ghazlan parh ke man nu sakoon milia.Inah khubsurt ghazlan nal pathkan di sanjh pawaune li 'Tamanna ji' wadai de haqdar ne-Rup daburji