ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, July 13, 2010

ਸੁਰਿੰਦਰ ਸੀਹਰਾ - ਗ਼ਜ਼ਲ

ਸਾਹਿਤਕ ਨਾਮ: ਸੁਰਿੰਦਰ ਸੀਹਰਾ

ਅਜੋਕਾ ਨਿਵਾਸ: ਯੂ.ਕੇ.

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਹੁਣ ਮੈਂ ਕਵੀਆਂ ਵਾਂਗ ਪ੍ਰਕਾਸ਼ਿਤ ਹੋ ਚੁੱਕਾ ਹੈ।

-----

ਯੂ ਕੇ ਰਹਿ ਰਿਹਾ ਸੁਰਿੰਦਰ ਸੀਹਰਾ ਬਹੁਤ ਧੀਮੀ ਰਫ਼ਤਾਰ ਨਾਲ਼ ਲਿਖਣ ਵਾਲ਼ਾ ਗ਼ਜ਼ਲਗੋ ਹੈ । ਵਿਚਾਰਾਂ ਦੀ ਨਿੱਗਰਤਾ ਤੇ ਸਹਿਜ ਪੇਸ਼ਕਾਰੀ ਉਸ ਦੀ ਗ਼ਜ਼ਲ ਨੂੰ ਵਿਲੱਖਣ ਬਣਾਉਂਦੀ ਹੈ । ਉਸ ਦੀ ਰਚਨਾ 'ਚ ਸ਼ਬਦ ਆਪ-ਮੁਹਾਰੇ ਇਸ ਤਰ੍ਹਾਂ ਦਾਖਲ ਹੁੰਦੇ ਹਨ ਕਿ ਕਿਤੇ ਵੀ ਕੋਈ ਤਰੱਦਦ ਨਹੀਂ ਦਿਖਾਈ ਦਿੰਦਾ । 'ਹੁਣ ਮੈਂ ਕਵੀਆਂ ਵਾਂਗ ' ਉਸਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ । ਇਸ ਵਿੱਚੋਂ ਕੁਝ ਗ਼ਜ਼ਲਾਂ ਆਰਸੀ ਦੇ ਪਾਠਕਾਂ ਲਈ ਪੇਸ਼ ਹਨ ...

ਰਾਜਿੰਦਰਜੀਤ

ਯੂ.ਕੇ.

-----

ਦੋਸਤੋ! ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਨੇ ਸੁਰਿੰਦਰ ਸੀਹਰਾ ਸਾਹਿਬ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹੈ, ਉਹਨਾਂ ਦਾ ਬੇਹੱਦ ਸ਼ੁਕਰੀਆ। ਸੀਹਰਾ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਜੀਅ ਆਇਆਂ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

----

ਨੋਟ: ਦੋਸਤੋ! ਸੀਹਰਾ ਸਾਹਿਬ ਦੀ ਜਿਹੜੀ ਫ਼ੋਟੋ ਪਹੁੰਚੀ ਹੈ, ਬਹੁਤੀ ਸਾਫ਼ ਨਹੀਂ ਹੈ ਅਤੇ ਉਸਦੀਆਂ ਡਾਇਮੈਨਸ਼ਨਜ਼ ਬਹੁਤ ਛੋਟੀਆਂ ਹਨ, ਜਿਉਂ ਹੀ ਨਵੀਂ ਤਸਵੀਰ ਪ੍ਰਾਪਤ ਹੋਈ, ਪੋਸਟ ਕਰ ਦਿੱਤੀ ਜਾਵੇਗੀ।

*********

ਗ਼ਜ਼ਲ

ਨਾ ਹਟਾ ਮੈਨੂੰ ਖ਼ਤਾ ਇਹ ਕਰਨ ਤੋਂ।

ਇਸ਼ਕ਼ ਦੇ ਵਿਚ ਹੌਕੇ ਲੈ-ਲੈ ਮਰਨ ਤੋਂ।

-----

ਬਣ ਗਈ ਮਿੱਟੀ ਜੋ ਸੜ-ਬਲ਼ ਕੇ ਘੜਾ,

ਕੀ ਲਊ ਉਹ ਪਾਣੀਆਂ ਦੀ ਠਰਨ ਤੋਂ।

-----

ਆਪ ਜੋ ਭਟਕੇ ਫਿਰਨ ਮੁਕਤੀ ਲਈ,

ਕੀ ਮਿਲ਼ੂ ਸਾਨੂੰ ਉਨ੍ਹਾਂ ਦੀ ਸ਼ਰਨ ਤੋਂ।

-----

ਬੇ-ਜ਼ੁਬਾਨੇ ਸਾਰੇ ਅੱਖੋਂ ਕਿਰ ਗਏ,

ਗੀਤ ਜੋ ਡਰ ਗਏ ਜ਼ੁਬਾਨੇ ਚੜ੍ਹਨ ਤੋਂ।

-----

ਫੇਰ ਨਾ ਮਸਤਕ 'ਤੇ ਲਿਖੀਆਂ ਤੱਕ ਲਵੇ,

ਮੈਂ ਡਰਾਂ ਹੁਣ ਦੀਵਾ-ਵੱਟੀ ਕਰਨ ਤੋਂ।

-----

ਅੱਗ ਸਿਵਿਆਂ ਦੀ ਕਦੇ ਬੁਝਦੀ ਨਹੀਂ,

ਰੁੱਖ ਵੀ ਡਰਦੇ ਨੇ ਹੁਣ ਤਾਂ ਸੜਨ ਤੋਂ।

=====

ਗ਼ਜ਼ਲ

ਕੁਝ-ਕੁਝ ਫੇਰ ਬਹਾਰਾਂ ਵਰਗਾ, ਅੱਜ ਮਹਿਸੂਸ ਮੈਂ ਕਰਦਾ ਹਾਂ।

ਪਿਛਲੀ ਰੁੱਤ ਗਵਾ ਆਇਆ ਹਾਂ, ਮੁੜ ਪੁੰਗਰਨ ਤੋਂ ਡਰਦਾ ਹਾਂ।

-----

ਮੈਂ ਇੱਕ ਪੱਥਰ ਵਿਚ ਜੋ ਚਿਹਰਾ, ਕਲਪਿਤ ਕੀਤਾ ਸੀ ਉਸਨੂੰ,

ਪਰ ਅਫ਼ਸੋਸ ! ''ਤਰਾਸ਼ ਨਾ ਸਕਿਆ '' ਇੱਕ ਇਹ ਵੀ ਦੁੱਖ ਜਰਦਾ ਹਾਂ।

------

ਇੱਕ ਅਣਦਿਸਦੀ ਚਾਰਦੀਵਾਰੀ ਨਾਲ ਮੇਰੇ ਜੋ ਰਹਿੰਦੀ ਹੈ,

ਇਸ ਵਿਚ ਮੇਰੇ ਪੁਰਖੇ ਜਿਉਂਦੇ, ਤੇ ਮੈਂ ਪਲ-ਪਲ ਮਰਦਾ ਹਾਂ।

-----

ਤਾਜ ਮਹਿਲ ਦੇ ਵਾਂਗਰ ਖ਼ੁਦ ਨੂੰ, ਠਹਿਰ ਜ਼ਰਾ ਸ਼ਿੰਗਾਰ ਲਵਾਂ,

ਮੈਂ ਤਸਵੀਰ ਬਣਨ ਤੋਂ ਪਹਿਲਾਂ ਜੋ ਵੀ ਹਾਂ ਇੱਕ ਪਰਦਾ ਹਾਂ।

-----

ਕੁਝ ਲਫ਼ਜ਼ਾਂ ਵਿੱਚ ਲੁਕਿਆ ਹਾਂ ਮੈਂ, ਕੁਝ ਲਫ਼ਜ਼ਾਂ ਦੇ ਉਹਲੇ ਹਾਂ,

ਮੈਂ ਸੂਰਜ ਦੇ ਪਰਲੇ ਪਾਸੇ ਵਾਲੀ ਧੁੱਪ ਵੀ ਜਰਦਾ ਹਾਂ।

=====

ਗ਼ਜ਼ਲ

ਕੁਝ ਏਸ ਤਰ੍ਹਾਂ ਉਸਨੇ, ਰਾਹਾਂ ਨੂੰ ਸਜ਼ਾ ਦਿੱਤੀ।

ਇੱਕ ਉਡਦੇ ਪੰਛੀ ਦੀ , ਤਸਵੀਰ ਬਣਾ ਦਿੱਤੀ।

-----

ਇਹ ਸੋਚ ਰਿਹਾ ਸਾਂ ਮੈਂ, ਬਿੰਦੁ ਖ਼ੁਦ ਫੈਲਣਗੇ,

ਪਰ ਲੀਕ ਫਿਰੀ ਐਸੀ, ਤ੍ਰਿਕੋਣ ਬਣਾ ਦਿੱਤੀ।

-----

ਅਪਣੇ ਇਸ ਲਾਵੇ ਤੋਂ , ਬੇਖ਼ਬਰ ਪਈ ਧਰਤੀ,

ਅੱਜ ਫਿਰ ਹੈ ਸਬਰਾਂ ਨੇ ਸੋਚਾਂ ਵਿੱਚ ਪਾ ਦਿੱਤੀ।

-----

ਕਿਉਂ ਤੁਰਨ ਤੋਂ ਪਹਿਲਾਂ ਹੀ , ਨੇ ਪੈਰ ਮੇਰੇ ਜ਼ਖ਼ਮੀ,

ਕਿਹੜਾ ਮੈਂ ਸੁਲਾਇਆ ਦਿਨ, ਜਾਂ ਰਾਤ ਜਗਾ ਦਿੱਤੀ।

-----

ਉਸ ਡਿੱਗਦੇ ਪੱਥਰ ਨੇ, ਫਿਰ ਸ਼ਾਂਤ ਸਮੁੰਦਰ ਦੇ.

ਪਾਣੀ ਤੋਂ ਪੰਛੀਆਂ ਦੀ , ਇੱਕ ਡਾਰ ਉਡਾ ਦਿੱਤੀ।


2 comments:

rup said...

Rajinderjeet Sahib ate Tamanna ji,Sihra ji nu pathkan de sanmukh karn li aap da bahut-2 sukria.Sihra Sahib di kav udari vakhri tarhn di hai.-Rup Daburji

Gurmail-Badesha said...

Surinder seehra ji mubaarkaan !!
bahut vadhia ne rachnawaan !!


ਬਣ ਗਈ ਮਿੱਟੀ ਜੋ ਸੜ-ਬਲ਼ ਕੇ ਘੜਾ,

ਕੀ ਲਊ ਉਹ ਪਾਣੀਆਂ ਦੀ ਠਰਨ ਤੋਂ।

-----

ਆਪ ਜੋ ਭਟਕੇ ਫਿਰਨ ਮੁਕਤੀ ਲਈ,

ਕੀ ਮਿਲ਼ੂ ਸਾਨੂੰ ਉਨ੍ਹਾਂ ਦੀ ਸ਼ਰਨ ਤੋਂ।
kamaal hai shaer de soch !