ਅਜੋਕਾ ਨਿਵਾਸ: ਯੂ.ਕੇ.
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ‘ਹੁਣ ਮੈਂ ਕਵੀਆਂ ਵਾਂਗ’ ਪ੍ਰਕਾਸ਼ਿਤ ਹੋ ਚੁੱਕਾ ਹੈ।
-----
ਯੂ ਕੇ ਰਹਿ ਰਿਹਾ ਸੁਰਿੰਦਰ ਸੀਹਰਾ ਬਹੁਤ ਧੀਮੀ ਰਫ਼ਤਾਰ ਨਾਲ਼ ਲਿਖਣ ਵਾਲ਼ਾ ਗ਼ਜ਼ਲਗੋ ਹੈ । ਵਿਚਾਰਾਂ ਦੀ ਨਿੱਗਰਤਾ ਤੇ ਸਹਿਜ ਪੇਸ਼ਕਾਰੀ ਉਸ ਦੀ ਗ਼ਜ਼ਲ ਨੂੰ ਵਿਲੱਖਣ ਬਣਾਉਂਦੀ ਹੈ । ਉਸ ਦੀ ਰਚਨਾ 'ਚ ਸ਼ਬਦ ਆਪ-ਮੁਹਾਰੇ ਇਸ ਤਰ੍ਹਾਂ ਦਾਖਲ ਹੁੰਦੇ ਹਨ ਕਿ ਕਿਤੇ ਵੀ ਕੋਈ ਤਰੱਦਦ ਨਹੀਂ ਦਿਖਾਈ ਦਿੰਦਾ । 'ਹੁਣ ਮੈਂ ਕਵੀਆਂ ਵਾਂਗ ' ਉਸਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ । ਇਸ ਵਿੱਚੋਂ ਕੁਝ ਗ਼ਜ਼ਲਾਂ ਆਰਸੀ ਦੇ ਪਾਠਕਾਂ ਲਈ ਪੇਸ਼ ਹਨ ...
ਰਾਜਿੰਦਰਜੀਤ
ਯੂ.ਕੇ.
-----
ਦੋਸਤੋ! ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਨੇ ਸੁਰਿੰਦਰ ਸੀਹਰਾ ਸਾਹਿਬ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹੈ, ਉਹਨਾਂ ਦਾ ਬੇਹੱਦ ਸ਼ੁਕਰੀਆ। ਸੀਹਰਾ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਜੀਅ ਆਇਆਂ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
----
ਨੋਟ: ਦੋਸਤੋ! ਸੀਹਰਾ ਸਾਹਿਬ ਦੀ ਜਿਹੜੀ ਫ਼ੋਟੋ ਪਹੁੰਚੀ ਹੈ, ਬਹੁਤੀ ਸਾਫ਼ ਨਹੀਂ ਹੈ ਅਤੇ ਉਸਦੀਆਂ ਡਾਇਮੈਨਸ਼ਨਜ਼ ਬਹੁਤ ਛੋਟੀਆਂ ਹਨ, ਜਿਉਂ ਹੀ ਨਵੀਂ ਤਸਵੀਰ ਪ੍ਰਾਪਤ ਹੋਈ, ਪੋਸਟ ਕਰ ਦਿੱਤੀ ਜਾਵੇਗੀ।
*********
ਗ਼ਜ਼ਲ
ਨਾ ਹਟਾ ਮੈਨੂੰ ਖ਼ਤਾ ਇਹ ਕਰਨ ਤੋਂ।
ਇਸ਼ਕ਼ ਦੇ ਵਿਚ ਹੌਕੇ ਲੈ-ਲੈ ਮਰਨ ਤੋਂ।
-----
ਬਣ ਗਈ ਮਿੱਟੀ ਜੋ ਸੜ-ਬਲ਼ ਕੇ ਘੜਾ,
ਕੀ ਲਊ ਉਹ ਪਾਣੀਆਂ ਦੀ ਠਰਨ ਤੋਂ।
-----
ਆਪ ਜੋ ਭਟਕੇ ਫਿਰਨ ਮੁਕਤੀ ਲਈ,
ਕੀ ਮਿਲ਼ੂ ਸਾਨੂੰ ਉਨ੍ਹਾਂ ਦੀ ਸ਼ਰਨ ਤੋਂ।
-----
ਬੇ-ਜ਼ੁਬਾਨੇ ਸਾਰੇ ਅੱਖੋਂ ਕਿਰ ਗਏ,
ਗੀਤ ਜੋ ਡਰ ਗਏ ਜ਼ੁਬਾਨੇ ਚੜ੍ਹਨ ਤੋਂ।
-----
ਫੇਰ ਨਾ ਮਸਤਕ 'ਤੇ ਲਿਖੀਆਂ ਤੱਕ ਲਵੇ,
ਮੈਂ ਡਰਾਂ ਹੁਣ ਦੀਵਾ-ਵੱਟੀ ਕਰਨ ਤੋਂ।
-----
ਅੱਗ ਸਿਵਿਆਂ ਦੀ ਕਦੇ ਬੁਝਦੀ ਨਹੀਂ,
ਰੁੱਖ ਵੀ ਡਰਦੇ ਨੇ ਹੁਣ ਤਾਂ ਸੜਨ ਤੋਂ।
=====
ਗ਼ਜ਼ਲ
ਕੁਝ-ਕੁਝ ਫੇਰ ਬਹਾਰਾਂ ਵਰਗਾ, ਅੱਜ ਮਹਿਸੂਸ ਮੈਂ ਕਰਦਾ ਹਾਂ।
ਪਿਛਲੀ ਰੁੱਤ ਗਵਾ ਆਇਆ ਹਾਂ, ਮੁੜ ਪੁੰਗਰਨ ਤੋਂ ਡਰਦਾ ਹਾਂ।
-----
ਮੈਂ ਇੱਕ ਪੱਥਰ ਵਿਚ ਜੋ ਚਿਹਰਾ, ਕਲਪਿਤ ਕੀਤਾ ਸੀ ਉਸਨੂੰ,
ਪਰ ਅਫ਼ਸੋਸ ! ''ਤਰਾਸ਼ ਨਾ ਸਕਿਆ '' ਇੱਕ ਇਹ ਵੀ ਦੁੱਖ ਜਰਦਾ ਹਾਂ।
------
ਇੱਕ ਅਣਦਿਸਦੀ ਚਾਰਦੀਵਾਰੀ ਨਾਲ ਮੇਰੇ ਜੋ ਰਹਿੰਦੀ ਹੈ,
ਇਸ ਵਿਚ ਮੇਰੇ ਪੁਰਖੇ ਜਿਉਂਦੇ, ਤੇ ਮੈਂ ਪਲ-ਪਲ ਮਰਦਾ ਹਾਂ।
-----
ਤਾਜ ਮਹਿਲ ਦੇ ਵਾਂਗਰ ਖ਼ੁਦ ਨੂੰ, ਠਹਿਰ ਜ਼ਰਾ ਸ਼ਿੰਗਾਰ ਲਵਾਂ,
ਮੈਂ ਤਸਵੀਰ ਬਣਨ ਤੋਂ ਪਹਿਲਾਂ ਜੋ ਵੀ ਹਾਂ ਇੱਕ ਪਰਦਾ ਹਾਂ।
-----
ਕੁਝ ਲਫ਼ਜ਼ਾਂ ਵਿੱਚ ਲੁਕਿਆ ਹਾਂ ਮੈਂ, ਕੁਝ ਲਫ਼ਜ਼ਾਂ ਦੇ ਉਹਲੇ ਹਾਂ,
ਮੈਂ ਸੂਰਜ ਦੇ ਪਰਲੇ ਪਾਸੇ ਵਾਲੀ ਧੁੱਪ ਵੀ ਜਰਦਾ ਹਾਂ।
=====
ਗ਼ਜ਼ਲ
ਕੁਝ ਏਸ ਤਰ੍ਹਾਂ ਉਸਨੇ, ਰਾਹਾਂ ਨੂੰ ਸਜ਼ਾ ਦਿੱਤੀ।
ਇੱਕ ਉਡਦੇ ਪੰਛੀ ਦੀ , ਤਸਵੀਰ ਬਣਾ ਦਿੱਤੀ।
-----
ਇਹ ਸੋਚ ਰਿਹਾ ਸਾਂ ਮੈਂ, ਬਿੰਦੁ ਖ਼ੁਦ ਫੈਲਣਗੇ,
ਪਰ ਲੀਕ ਫਿਰੀ ਐਸੀ, ਤ੍ਰਿਕੋਣ ਬਣਾ ਦਿੱਤੀ।
-----
ਅਪਣੇ ਇਸ ਲਾਵੇ ਤੋਂ , ਬੇਖ਼ਬਰ ਪਈ ਧਰਤੀ,
ਅੱਜ ਫਿਰ ਹੈ ਸਬਰਾਂ ਨੇ ਸੋਚਾਂ ਵਿੱਚ ਪਾ ਦਿੱਤੀ।
-----
ਕਿਉਂ ਤੁਰਨ ਤੋਂ ਪਹਿਲਾਂ ਹੀ , ਨੇ ਪੈਰ ਮੇਰੇ ਜ਼ਖ਼ਮੀ,
ਕਿਹੜਾ ਮੈਂ ਸੁਲਾਇਆ ਦਿਨ, ਜਾਂ ਰਾਤ ਜਗਾ ਦਿੱਤੀ।
-----
ਉਸ ਡਿੱਗਦੇ ਪੱਥਰ ਨੇ, ਫਿਰ ਸ਼ਾਂਤ ਸਮੁੰਦਰ ਦੇ.
ਪਾਣੀ ਤੋਂ ਪੰਛੀਆਂ ਦੀ , ਇੱਕ ਡਾਰ ਉਡਾ ਦਿੱਤੀ।
2 comments:
Rajinderjeet Sahib ate Tamanna ji,Sihra ji nu pathkan de sanmukh karn li aap da bahut-2 sukria.Sihra Sahib di kav udari vakhri tarhn di hai.-Rup Daburji
Surinder seehra ji mubaarkaan !!
bahut vadhia ne rachnawaan !!
ਬਣ ਗਈ ਮਿੱਟੀ ਜੋ ਸੜ-ਬਲ਼ ਕੇ ਘੜਾ,
ਕੀ ਲਊ ਉਹ ਪਾਣੀਆਂ ਦੀ ਠਰਨ ਤੋਂ।
-----
ਆਪ ਜੋ ਭਟਕੇ ਫਿਰਨ ਮੁਕਤੀ ਲਈ,
ਕੀ ਮਿਲ਼ੂ ਸਾਨੂੰ ਉਨ੍ਹਾਂ ਦੀ ਸ਼ਰਨ ਤੋਂ।
kamaal hai shaer de soch !
Post a Comment