ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਅਦਬ ਸਹਿਤ
ਤਨਦੀਪ ਤਮੰਨਾ
Sunday, November 30, 2008
ਸੁਲਤਾਨ ਬਾਹੂ - ਦੋਹੜਾ
ਇਸ਼ਕ ਦਰਿਆ ਮੁਹੱਬਤ ਵਾਲ਼ਾ, ਥੀ ਮਰਦਾਨੇ ਤਰੀਏ ਹੂ।
ਜਿੱਥੇ ਲਹਿਰ ਗਜ਼ਬ ਦੀਆਂ ਠਾਠਾਂ, ਕਦਮ ਉਥਾਈਂ ਧਰੀਏ ਹੂ।
ਔਝੜ ਝੰਗ ਬਲਾਈਂ ਦੇ ਬੇਲੇ, ਵੇਖ ਵੇਖ ਨਾ ਡਰੀਏ ਹੂ।
ਨਾਮ ਫ਼ਕੀਰ ਤਹੀਂਦਾ 'ਬਾਹੂ', ਜੇ ਵਿੱਚ ਤਲਬ ਦੇ ਮਰੀਏ ਹੂ।
ਕੁਲਜੀਤ ਕੌਰ ਗ਼ਜ਼ਲ - ਗ਼ਜ਼ਲ
ਗ਼ਜ਼ਲ
ਦਫ਼ਤਰਾਂ ਵਿਚ ਰੁਲ਼ਦੀਆਂ ਨੇ ਡਿਗਰੀਆਂ।
ਪੈਸਿਆਂ ਲਈ ਵਿਕਦੀਆਂ ਨੇ ਹਸਤੀਆਂ।
----
ਜਦ ਜਵਾਨੀ ਖ਼ਾਕ ਵਿਚ ਹੀ ਰੁਲ਼ ਰਹੀ,
ਫੇਰ ਵੀ ਕਿਉਂ ਸੁਝਦੀਆਂ ਨੇ ਮਸਤੀਆਂ?
----
ਉਹ ਕਦੇ ਨਾ ਹਾਰਦੀ ਜਿਸ ਕੌਮ ਨੂੰ,
ਜਾਨ ਤੋਂ ਵੀ ਪਿਆਰੀਆਂ ਨੇ ਰਖੜੀਆਂ।
----
ਅਪਣਿਆਂ ਦਾ ਖ਼ੂਨ ਚਿੱਟਾ ਹੋ ਗਿਆ,
ਹਰ ਕਿਸੇ ਦੇ ਦਿਲ ‘ਤੇ ਜੰਮੀਆਂ ਖ਼ੁਸ਼ਕੀਆਂ।
----
ਮਾਰ ਜੀ ਖਾਂਦੇ ਰਹੇ ਹਰ ਮੋੜ ‘ਤੇ,
ਗਈਆਂ ਨਾ ਸਾਥੋਂ ਵਫ਼ਾਵਾਂ ਪਰਖੀਆਂ।
----
ਲੋਭ, ਮੋਹ.ਹੰਕਾਰ ਮਾਰੀ ਧਰਤ ‘ਤੇ
ਮੌਤ ਮਹਿੰਗੀ ਹੈ ਤੇ ਜਿੰਦਾਂ ਸਸਤੀਆਂ।
----
ਤੁਰ ਗਿਓਂ ਪਰਦੇਸ ਨੂੰ ਦਿਲ ਤੋੜ ਕੇ,
ਖਾ ਲਿਆ ਹੈ ਤੈਨੂੰ ਪਰਾਈਆਂ ਧਰਤੀਆਂ।
----
ਸ਼ਹਿਰ ਤੇਰੇ ਹਰ ਗਲ਼ੀ ਹਰ ਮੋੜ ‘ਤੇ.
ਨਾਗ ਬੈਠੇ ਨੇ ਬਣਾ ਕੇ ਵਰਮੀਆਂ।
----
ਮਾਰਿਆ ਮੈਨੂੰ ਸਮਰਪਣ ਭਾਵਨਾ,
ਮਾਰਿਆ ਤੈਨੂੰ ਇਵੇਂ ਖ਼ੁਦਗ਼ਰਜ਼ੀਆਂ।
----
ਮਾਸੀਆਂ, ਭੈਣਾਂ ਨੂੰ ਤਰਸੋਗੇ ਤੁਸੀਂ,
ਇਸ ਕਦਰ ਦੁਤਕਾਰੀਆਂ ਜੇ ਲੜਕੀਆਂ।
ਕਿਤਾਬ: 'ਤਰੇਲ ਜਿਹੇ ਮੋਤੀ' 'ਚੋਂ ਧੰਨਵਾਦ ਸਹਿਤ
ਅਜ਼ੀਮ ਸ਼ੇਖਰ - ਗ਼ਜ਼ਲ
ਖਲੋਤੇ ਪਾਣੀਆਂ ਅੰਦਰ, ਕੋਈ ਪੱਥਰ ਵਗਾਹ ਦੇਵੇ ।
ਜੋ ਸੁੱਤੀਆਂ ਦੇਰ ਤੋਂ ਲਹਿਰਾਂ, ਕਿਨਾਰੇ ਲਈ ਜਗਾ ਦੇਵੇ।
----
ਸਮੰਦਰ ਹੈ ਕਿਉਂ ਖ਼ਾਰਾ, ਅਸੀਂ ਇਹ ਫੇਰ ਦੱਸਾਂਗੇ,
ਪਹਿਲਾਂ ਗੁਜ਼ਰੇ ਤੂਫ਼ਾਨਾਂ ਨੂੰ, ਕੋਈ ਬਣਦੀ ਸਜ਼ਾ ਦੇਵੇ।
----
ਥਲਾਂ 'ਚੋਂ ਰੇਤ ਦਾ ਕਿਣਕਾ, ਹਵਾ ਨੂੰ ਜੋਦੜੀ ਕਰਦੈ,
ਸਮੁੰਦਰ 'ਤੇ ਲਿਜਾ ਉਸਨੂੰ, ਕਦੇ ਸਿੱਪੀਆਂ 'ਚ ਪਾ ਦੇਵੇ।
----
ਰਹੇ ਹਾਂ ਉਮਰ ਭਰ ਜਲ਼ਦੇ, ਨਾ ਧਰਿਓ ਦੀਪ ਸਿਵਿਆਂ 'ਤੇ,
ਕਰੇ ਅਹਿਸਾਨ ਜੇ ਕੋਈ, ਕਿਤੇ ਮਰੂਆ ਉਗਾ ਦੇਵੇ।
----
ਮੇਰੇ ਪਿੰਡ ਦੀਵਿਆਂ ਵੇਲੇ, ਜੋ 'ਸ਼ੇਖਰ'! ਧੂੜ ਉਡਦੀ ਹੈ,
ਸੁਬਾਹ ਤੀਕਰ ਹਨੇਰੇ ਨੂੰ, ਸਦਾ ਸਰਘੀ ਬਣਾ ਦੇਵੇ।
ਗੁਰਨਾਮ ਗਿੱਲ - ਗ਼ਜ਼ਲ
ਲੱਖ ਨਹਾ ਲੈ ਜਿੱਥੇ ਮਰਜ਼ੀ, ਮਨ ਏਦਾਂ ਨਹੀਂ ਨਿੱਖਰਦਾ ।
ਪਾਣੀ ਤਾਂ ਪਾਣੀ ਹੈ ਆਖ਼ਰ, ਚਾਹੇ ਕਿਸੇ ਵੀ ਸਰਵਰ ਦਾ!
----
ਕੋਲੋਂ ਦੀ ਸਭ ਅਣਗੌਲ਼ੇ ਜਦ ਵਾਰੀ-ਵਾਰੀ ਗੁਜ਼ਰ ਗਏ,
ਦਿਲ ਟੁੱਟਾ ਸੀ ਸ਼ੋਖ ਜਿਹੇ ਉਸ ਰਸਤੇ ਵਿਚਲੇ ਮੰਜ਼ਰ ਦਾ।
----
ਉਸ ਵੇਲੇ ਮੈਂ ਭੋਲ਼ਾ-ਭਾਲ਼ਾ ਸ਼ਾਤਰ ਸਾਂ ਮਾਸੂਮ ਜਿਹਾ,
ਵਾਰ ਕਿਸੇ ਨੇ ਕੀਤਾ ਸੀ ਜਦ ਨੈਣਾਂ ਦੇ ਇੱਕ ਖ਼ੰਜਰ ਦਾ।
----
ਵਕਤ ਇਸ਼ਾਰੇ ਕੀਤੇ ਮੈਨੂੰ, ਠਿੱਲ ਲੈ ਬੇੜੀ ਸਾਹਿਲ ਵੱਲ,
ਸ਼ੌਕ ਸੀ ਮੇਰਾ ਅਜ਼ਮਾਣੇ ਦਾ ਗੁੱਸਾ ਏਸ ਸਮੁੰਦਰ ਦਾ ।
----
ਆਪਣਾ ਆਪ ਬਚਾ ਕੇ ਰੱਖੀਂ, ਘਰ ਜਿੰਨਾ ਮਹਿਫ਼ੂਜ਼ ਨਹੀਂ,
ਕਾਰੋਬਾਰੀ ਅੱਡਾ ਹੈ, ਭਰਵਾਸ ਨਹੀਂ ਇਸ ਮੰਦਰ ਦਾ ।
ਵਜ਼ਨ: ਸੱਤ ਵਾਰੀ ਫੇਲੁਨ+ਫਾ
Saturday, November 29, 2008
ਗੁਰਦਰਸ਼ਨ 'ਬਾਦਲ' - ਗ਼ਜ਼ਲ
ਡੈਡੀ ਜੀ ਨੇ ਅੱਜ ਇਹ ਪੰਜ ਕੁ ਸਾਲ ਪਹਿਲਾਂ ਲਿਖੀ ਬੇਹੱਦ ਖ਼ੂਬਸੂਰਤ ਗ਼ਜ਼ਲ ‘ਆਰਸੀ’ ਤੇ ਸਾਂਝੀ ਕਰਨ ਲਈ ਦਿੱਤੀ.....ਸ਼ੁਕਰੀਆ ਬਾਦਲ ਸਾਹਿਬ!
ਗ਼ਜ਼ਲ
ਅਪਣੇ ਆਪ ਨੂੰ ਮੈਂ ਮਸਾਂ ਬਣਾਇਆ, ਸੀ ਮੈਂ ਹਾਣੀ ਸ਼ੀਸ਼ੇ ਦਾ।
ਐਪਰ ਕਬਜ਼ਾ ਕੀਕਣ ਛਡਦੀ ਇਕ ਪਟਰਾਣੀ ਸ਼ੀਸ਼ੇ ਦਾ?
------
ਝਾੜ-ਪੂੰਝ ਕੇ, ਧੋ ਸੁਆਰ ਕੇ, ਬੜਾ ਸੰਭਾਲ਼ਾ ਕੀਤਾ ਸੀ,
ਲਹਿੰਦਾ-ਲਹਿੰਦਾ ਲਹਿ ਗਿਆ ਆਖਿਰ, ਲਹਿ ਗਿਆ ਪਾਣੀ ਸ਼ੀਸ਼ੇ ਦਾ।
-----
ਅਪਣੀ ਹੋਂਦ ਜਤਾਲਣ ਤਾਈਂ, ਚੁੰਝਾਂ ਮਾਰੇ ਚਿੜੀਆਂ ਵਾਂਗ,
ਭੋਰਾ ਵੀ ਇਤਬਾਰ ਨਾ ਕਰਦੀ, ਖ਼ਸਮਾਂ-ਖਾਣੀ ਸ਼ੀਸ਼ੇ ਦਾ।
-----
ਇਕ ਹੱਥ ਵੱਟਾ, ਇਕ ਹੱਥ ਸੋਟਾ, ਫਿਰਕੂ ਐਨਕ ਅੱਖਾਂ ‘ਤੇ,
ਫਿਰਦੇ ਨੇ ਪਰ ਦਿਲ ਦੇ ਅੰਦਰ, ਸੁਪਨਾ ਠਾਣੀਂ ਸ਼ੀਸ਼ੇ ਦਾ।
-----
ਸੋਨਾ, ਚਾਂਦੀ. ਮਿੱਟੀ, ਪੱਥਰ, ਇੱਕ ਬਰਾਬਰ ਦਿਸਦੇ ਨੇ,
ਸੱਚੇ ਦਿਲ ਤੋਂ ਰਖਦੇ ਨੇ ਜੋ, ਪਰਦਾ ਤਾਣੀਂ ਸ਼ੀਸ਼ੇ ਦਾ।
------
ਸੂਰਜ ਦੀ ਚਮਕਾਰ ਪਈ ਜਦ, ਤ੍ਰੇਲ਼ ਨੇ ਖੋਲ੍ਹੀ ਅੱਖ ਅਪਣੀ,
ਪਾਣੀ-ਪਾਣੀ ਹੋ ਗਿਆ ਪਾਣੀ, ਮਹਿੰਗਾ ਪਾਣੀ ਸ਼ੀਸ਼ੇ ਦਾ।
-----
‘ਬਾਦਲ’ ਦੇ ਸਮਝਾਇਆਂ ਚਾਹੇ,ਮੰਨੇ ਰੱਬ ਦਾ ਭਾਣਾ, ਪਰ
ਨੁਕਸ ਫੇਰ ਵੀ ਕੱਢ ਦਿੰਦੀ ਹੈ, ਅਕਲੋਂ-ਕਾਣੀ ਸ਼ੀਸ਼ੇ ਦਾ।
ਅਮਰਜੀਤ ਸਾਥੀ - ਪੰਜਾਬੀ ਹਾਇਕੂ
ਕੁੱਝ ਹਾਇਕੂ
ਅਲਟਰਾਸਾਉਂਡ ਕੋਸ਼
ਜੀਵਨ ਸ਼ਬਦ ਪੁਲਿੰਗ
ਮੌਤ ਇਸਤਰੀ ਲਿੰਗ
-------
ਮਹਾਂਨਗਰ ਦੀ ਰੌਸ਼ਨੀ
ਖਾ ਗੀ ਚੰਨ ਦੀ ਚਾਨਣੀ
ਤਾਰੇ ਗਏ ਗੁਆਚ
------
ਸਫ਼ਰ ਆਖਰੀ
ਬੇਬੇ ਝੋਲ਼ੇ ਵਿਚ
ਚੱਲੀ ਕੀਰਤਪੁਰ
-----
ਛਾਉਂਣੀ ਕਬਰਸਤਾਨ
ਕਬਰ-ਸ਼ਿਲਾ ਤੇ ਬੈਠਾ
ਬੱਕਰੀ ਚਾਰਦਾ ਬੱਚਾ
------
ਸੁੱਕੇ ਖੂਹ ਦੀਆਂ ਟਿੰਡਾਂ
ਪੰਛੀਆਂ ਪਾਏ ਆਲ੍ਹਣੇ
ਛੱਤੇ ਲਾਏ ਭਰਿੰਡਾਂ
ਸਤਿਕਾਰਤ ਅਮਰਜੀਤ ਸਾਥੀ ਜੀ ਦੀ ਕਿਤਾਬ ‘ ਨਿਮਖ’ ‘ਚੋਂ ਧੰਨਵਾਦ ਸਹਿਤ
ਤਨਦੀਪ 'ਤਮੰਨਾ' - ਨਜ਼ਮ
ਪਿਰਾਮਿਡ
ਨਜ਼ਮ
ਸਦੀਆਂ ਪਹਿਲਾਂ
ਕਿਸੇ ਨੇ ਦਫ਼ਨਾ ਦਿੱਤਾ ਸੀ
ਮੈਂਨੂੰ........
ਸਰੀਰ ਤੇ ਚੰਦਨ ਦਾ ਲੇਪ ਕਰਕੇ
ਹੀਰੇ, ਚਾਂਦੀ ਤੇ ਸੋਨੇ ਨਾਲ਼ ਲੱਦ ਕੇ
ਗੂੜ੍ਹੀ ਨੀਂਦ ਦੀ ਦੁਆ ਦੇ ਕੇ !
ਪਰ ਮੈਂ …
ਮੈਂ …. ਉਸ ਪਿਰਾਮਿਡ ‘ਚੋਂ
ਹਰ ਰਾਤ ਜਾਗਦੀ ਹਾਂ
ਤਾਰਿਆਂ ਦੀ ਲੋਏ-ਲੋਏ
ਪੋਲੇ ਜਿਹੇ ਪੈਰ ਧਰ
ਹਵਾ ਦੇ ਮਾਤਮੀ
ਸੁਰਾਂ ਦੀ ਹਾਮੀ ਭਰ
ਧਰਤੀ ਦਾ ਚੱਪਾ-ਚੱਪਾ-
ਪਰਬਤ, ਨਦੀਆਂ, ਸਮੁੰਦਰ,
ਜਵਾਲਾਮੁਖੀ, ਗਲੇਸ਼ੀਅਰ ਗਾਹ
..................................
......ਤੈਂਨੂੰ ਕਿਸੇ ਯੋਗ-ਮੁਦਰਾ ‘ਚ ਲੀਨ
ਤਪੱਸਿਆ ਕਰਦਿਆਂ ਦੇਖ
..................................
.........ਤੇਰੇ ਸਿਰੜ ਨੂੰ ਸਲਾਮ ਕਰ
ਅਗਲੀ ਵਾਰ..........
ਸਮਾਧੀ ਖੁੱਲ੍ਹਣ ਦੀ ਆਸ ਲੈ
ਪਹੁ ਫੁੱਟਣ ਤੋਂ ਪਹਿਲਾਂ ਹੀ
ਅੱਖਾਂ ‘ਚੋਂ ਕਿਰਦੇ ਮੋਤੀਆਂ ਨੂੰ
ਤੇਰੇ ਬੇਰਹਿਮ ਸ਼ਹਿਰ ਦੀ
ਰੇਤ ‘ਚ ਬੀਜ
ਤਾਬੂਤ ਵੱਲ
ਮੁੜ ਆਉਂਦੀ ਹਾਂ !
ਦੀਪ ਨਿਰਮੋਹੀ - ਨਜ਼ਮ
ਲਘੂ ਨਜ਼ਮ
ਇਹ ਕੋਈ ਸ਼ਮ੍ਹਾਂ ਨਹੀਂ
ਜੋ ਮਰਜੀ ‘ਤੇ ਜਗਾ ਲਈ
ਤੇ...........
ਮਰਜੀ ‘ਤੇ ਬੁਝਾ ਲਈ
ਇਹ ਤਾਂ ਸਮਾਂ ਹੈ
ਜਿਸ ਦੀਆਂ ਵਾਗਾਂ
ਕਿਸੇ ਦੇ ਹੱਥ ਨਹੀਂ ਆਉਂਦੀਆਂ
===========
ਜੁਦਾਈ
ਲਘੂ ਨਜ਼ਮ
ਟਾਹਣੀਓਂ ਟੁੱਟੇ ਪੱਤੇ ਦੀ
ਤੜੱਕ ਦਾ ਅਹਿਸਾਸ
ਹੋਰ ਡੂੰਘੇਰਾ ਹੋ ਜਾਂਦਾ ਹੈ
ਜਦ ਵਾਪਸ ਮੁੜਦਾ ਹਾਂ
ਤੈਨੂੰ ਮਿਲ਼ ਕੇ!
ਗਿਆਨੀ ਸੰਤੋਖ ਸਿੰਘ - ਯਾਦਾਂ
ਦੋਸਤੋ! ਮੈਨੂੰ ਅੱਜ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਆਸਟਰੇਲੀਆ ਨਿਵਾਸੀ ਸਤਿਕਾਰਤ ਗਿਆਨੀ ਸੰਤੋਖ ਸਿੰਘ ਜੀ ਨੇ ਯਾਦਾਂ ਦੇ ਮਣਕੇ ਭੇਜ ਕੇ ਪਹਿਲੀ ਹਾਜ਼ਰੀ ਲਗਵਾਈ ਹੈ। ਗਿਆਨੀ ਜੀ ਨੂੰ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਨੇ ਆਰਸੀ ਦਾ ਲਿੰਕ ਭੇਜਿਆ ਹੈ..ਮੈਂ ਸਰਾਏ ਸਾਹਿਬ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਗਿਆਨੀ ਜੀ ਕਿਸੇ ਤੁਆਰਫ਼ ਦੇ ਮੋਹਤਾਜ ਨਹੀਂ, ਆਪਾਂ ਇਹਨਾਂ ਦੀਆਂ ਖ਼ੂਬਸੂਰਤ ਲਿਖਤਾਂ ਸਿਰਕੱਢ ਪੇਪਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਮ ਪੜ੍ਹਦੇ ਰਹਿੰਦੇ ਹਾਂ। ਸੱਭਿਆਚਾਰਕ, ਧਾਰਮਿਕ, ਰਾਜਨੀਤਕ ਤੇ ਸਮਾਜਕ ਵਿਸ਼ਿਆਂ ਤੇ ਕਮਾਲ ਦੇ ਆਰਟੀਕਲ ਲਿਖਦੇ ਹਨ। ਗਿਆਨੀ ਜੀ ਤੇ ਇਹਨਾਂ ਦੀਆਂ ਲਿਖਤਾਂ ਬਾਰੇ ਮੈਂ ਵਿਸਤਾਰਤ ਜਾਣਕਾਰੀ ਕੱਲ੍ਹ ਨੂੰ ਸਾਂਝੀ ਕਰਾਂਗੀ...ਮੁਆਫ਼ੀ ਚਾਹੁੰਦੀ ਹਾਂ, ਜਿਹੜੀ ਫਾਈਲ 'ਚ ਇਹਨਾਂ ਦੀ 'ਇੰਟਰੋ' ਤਿਆਰ ਕੀਤੀ ਸੀ, ਓਹ ਆਫ਼ਿਸ ਕੰਪਿਊਟਰ ਤੇ ਰਹਿ ਗਈ ਹੈ। ਕੱਲ੍ਹ ਨੂੰ ਅਪਡੇਟ ਕਰ ਦਿੱਤੀ ਜਾਵੇਗੀ। ਮੈਂ ਸਤਿਕਾਰਤ ਗਿਆਨੀ ਸੰਤੋਖ ਸਿੰਘ ਜੀ ਨੂੰ ਆਰਸੀ ਦੇ ਸਾਰੇ ਸਤਿਕਾਰਤ ਪਾਠਕ / ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ। ਗਿਆਨੀ ਜੀ ਵਰਗੇ ਲੇਖਕਾਂ ਦੇ ਜੁੜਨ ਨਾਲ਼ ਆਰਸੀ ਦਾ ਸਹਿਤਕ ਪੰਧ ਰੌਸ਼ਨ ਹੋਣ ਦੇ ਨਾਲ਼-ਨਾਲ਼ ਮਹਿਕਣ ਲੱਗ ਪਿਆ ਹੈ! ਬਹੁਤ-ਬਹੁਤ ਸ਼ੁਕਰੀਆ!
ਮਾਰਨਾ ਗਿੱਦੜ ਦਾ
ਯਾਦਾਂ
ਜਦੋਂ ਅਸੀਂ ਡੰਗਰ ਚਾਰਿਆ ਕਰਦੇ ਸਾਂ ਤਾਂ ਉਸ ਸਮੇ ਸਾਡੇ ਪਿੰਡ ਦੇ ਆਲ਼ੇ ਦੁਆਲ਼ੇ, ਖੇਤਾਂ, ਝਾੜਾਂ, ਰੋਹੀ, ਝਿੜੀਆਂ, ਬਾਗ਼ਾਂ ਆਦਿ ਵਿਚ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੇ ਬੋਲ ਸੁਣੀਦੇ ਤੇ ਉਹ ਖ਼ੁਦ ਵੀ ਵਿਖਾਈ ਦੇ ਜਾਂਦੇ ਸਨ। ਸਹੇ, ਲੂੰਬੜ, ਗੋਹਾਂ, ਨਿਉਲੇ, ਸੱਪ, ਹਿਰਨ, ਗਿੱਦੜ, ਏਥੋਂ ਤੱਕ ਕਿ ਸੌਣ ਭਾਦੋਂ ਦੇ ਦਿਨੀਂ ਡੰਗਰ ਚਾਰਦਿਆਂ ਹੋਇਆਂ ਸਾਨੂੰ ਹਿਰਨਾਂ ਦੀਆਂ ਡਾਰਾਂ ਵੀ ਕਦੀ ਕਦੀ ਦਿਸ ਪੈਂਦੀਆਂ ਸਨ। ਇਹ ਸਾਰਾ ਕੁਝ 1950 ਤੋਂ ਪਹਿਲਾਂ ਦਾ ਵਾਕਿਆ ਹੈ। ਜਾਨਵਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਉਸ ਸਮੇ ਪੰਜਾਬ ਵਿਚ ਆਮ ਪਾਏ ਜਾਣ ਵਾਲ਼ੇ ਪੰਛੀਆਂ ਤੋਂ ਇਲਾਵਾ ਤਿੱਤਰ, ਬਟੇਰੇ ਤੇ ਮੌਸਮ ਅਨੁਸਾਰ ਕੂੰਜਾਂ, ਤਿਲੀਅਰ ਆਦਿ ਵੀ ਸਮੇ ਸਮੇ ਵੇਖੇ ਜਾ ਸਕਦੇ ਸਨ। ਇਹਨਾਂ ਜਾਨਵਰਾਂ ਤੇ ਪੰਛੀਆਂ ਦੇ ਸ਼ਿਕਾਰ ਵਾਸਤੇ ਸ਼ਿਕਾਰੀਆਂ ਦੀਆਂ ਟੋਲੀਆਂ ਵੀ ਘੁੰਮਿਆ ਕਰਦੀਆਂ ਸਨ। ਮੁਰੱਬੇਬੰਦੀ ਹੋਣ, ਆਬਾਦੀ ਦਾ ਵਾਧਾ ਅਤੇ ਮਸ਼ੀਨਰੀ, ਖਾਦਾਂ, ਬੀਜਾਂ ਆਦਿ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੁਆਰਾ ਚੱਪਾ ਚੱਪਾ ਜ਼ਮੀਨ ਵਾਹੀ ਦੇ ਸੰਦਾਂ ਹੇਠ ਲੈ ਆਉਣ ਕਰਕੇ ਹੁਣ ਉਹ ਪੁਰਾਣਾ ਕੁਦਰਤੀ ਵਾਤਾਵਰਣ ਨਹੀਂ ਰਿਹਾ। ਇਹ ਨਾ ਸਮਝ ਲੈਣਾ ਕਿਤੇ ਕਿ ਮੈ ਇਸ ਨਵੀਨੀਕਰਣ ਦਾ ਵਿਰੋਧ ਕਰ ਰਿਹਾ ਹਾਂ। ਬਦਲਾਉ ਕੁਦਰਤ ਦਾ ਅਸੂਲ਼ ਹੈ ਤੇ ਹਰੇਕ ਦਿਸ ਆਉਣ ਵਾਲ਼ੀ ਸ਼ੈ ਬਦਲ ਰਹੀ ਹੈ। ਸਭ ਕੁਝ ਹੀ ਗਰਦਸ਼ ਵਿਚ ਹੈ ਤੇ ਇਸ ਕਰਕੇ ਬਦਲ ਰਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦਾ ਇਸ ਪ੍ਰਥਾਇ ਫੁਰਮਾਨ ਇਉਂ ਹੈ :
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥8॥17॥ (64)
ਗੱਲ ਕਰਨ ਲੱਗਾ ਸੀ ਮੈ ਗਿੱਦੜ ਮਾਰਨ ਦੀ। ਸਾਡੇ ਪਾਸ ਬੌਲ਼ਦਾਂ ਦੀ ਜੋਗ ਹੁੰਦੀ ਸੀ। ਇਕ ਲਾਖਾ ਤੇ ਇਕ ਬੱਗਾ। ਲਾਖਾ ਬੱਗੇ ਨਾਲ਼ੋਂ ਉਮਰ ਵਿਚ ਕੁਝ ਵੱਡਾ ਤੇ ਸ਼ਾਇਦ ਏਸੇ ਕਰਕੇ ਕੁਝ ਮੱਠਾ ਹੋਣ ਕਰਕੇ ਥੱਲੇ (ਅੰਦਰਵਾਰ) ਜੋਇਆ ਜਾਂਦਾ ਸੀ ਤੇ ਬੱਗਾ ਉੱਤੇ (ਬਾਹਰਵਾਰ)। ਥੱਲੇ ਉੱਤੇ ਦਾ ਮਤਲਬ ਇਕ ਦੂਜੇ ਦੇ ਉਪਰ ਹੇਠਾਂ ਨਹੀ। ਕਿਸਾਨੀ ਬੋਲੀ ਵਿਚ ਇਸ ਉੱਤੇ ਥੱਲੇ ਦਾ ਮਤਲਬ ਹੈ ਕਿ ਖੱਬੇ ਪਾਸੇ ਤੇ ਸੱਜੇ ਪਾਸੇ। ਜੇਹੜਾ ਡੰਗਰ ਜੋਣ ਸਮੇ ਖੱਬੇ ਹੱਥ ਰੱਖਿਆ ਜਾਵੇ, ਉਸਨੂੰ ਹੇਠਲਾ ਤੇ ਜੇਹੜਾ ਸੱਜੇ ਪਾਸੇ ਜੋਇਆ ਜਾਵੇ, ਉਸਨੂੰ ਉਤਲਾ ਆਖਿਆ ਜਾਂਦਾ ਸੀ ਤੇ ਸ਼ਾਇਦ ਹੁਣ ਵੀ ਏਸੇ ਤਰ੍ਹਾਂ ਹੀ ਆਖਦੇ ਹੋਣ! ਇਹ ਬੱਗਾ ਬੌਲ਼ਦ ਸਿਆਲ ਵਿਚ ਇਕ ਦਿਨ ਸਵੇਰੇ ਖ਼ੁਦ ਉਠ ਨਾ ਸਕਿਆ। ਸਿਆਲੂ ਰਾਤ ਸਮੇ ਕਿਤੇ ਇਸ ’ਤੇ ਅਧਰੰਗ ਦਾ ਹਮਲਾ ਹੋਇਆ ਤੇ ਇਸ ਦਾ ਸੱਜਾ ਪਾਸਾ ਮਾਰਿਆ ਗਿਆ ਸੀ। ਵਲ਼ੀਆਂ ਪਾ ਪਾ ਕੇ ਇਸਨੂੰ ਖੜ੍ਹਾ ਕਰਿਆ ਕਰਨਾ ਪਰ ਇਸਨੇ ਫਿਰ ਡਿਗ ਪਿਆ ਕਰਨਾ। ਉਸ ਸਮੇ ਕਣਕਾਂ ਨਿੱਸਰੀਆਂ ਹੋਈਆਂ ਸਨ ਤੇ ਕਮਾਦ ਵੀ ਅਜੇ ਖੇਤਾਂ ਵਿਚ ਖੜ੍ਹੇ ਸਨ। ਬਸੰਤ ਦਾ ਮੌਕਾ ਹੋਣ ਕਰਕੇ ਚਾਰ ਚੁਫੇਰੇ ਹਰਿਆਲੀ ਹੀ ਹਰਿਆਲੀ ਵਿਖਾਈ ਦੇ ਰਹੀ ਸੀ। ਦੁਪਹਿਰ ਜਹੀ ਨੂੰ ਪਿੰਡ ਦੇ ਤੇ ਕੁਝ ਬਾਹਰ ਦੇ ਵੀ ਸ਼ਿਕਾਰੀ ਕੁੱਤਿਆਂ ਨਾਲ਼ ਕਮਾਦਾਂ ਵਿਚ ਹਲਾ ਹਲਾ ਕਰਦੇ ਫਿਰਦੇ ਸਨ। ਨਿੱਕੇ ਤੇ ਨਿਕੰਮੇ ਹੋਣ ਕਰਕੇ ਮੇਰੇ ਵਰਗੇ ਬਹੁਤ ਛੋਟੀ ਉਮਰ ਦੇ ਮੁੰਡੇ ਵੀ ਇਸ ਰੌਣਕ ਮੇਲੇ ਨੂੰ ਵੇਖਣ ਦੀ ਉਤਸੁਕਤਾ ਨਾਲ਼ ਧੂੜ 'ਚ ਟੱਟੂ ਰਲਾਈ ਅਰਥਾਤ ਨੱਠੇ ਫਿਰਦੇ ਸਨ। ਤਾਂਹੀਓਂ ਮੈ ਕੀ ਵੇਖਦਾ ਹਾਂ ਕਿ ਮੇਰੇ ਲਾਗੋਂ ਦੀ ਕਣਕ ਦੇ ਖੇਤ ਵਿਚ ਗਿੱਦੜ ਜੀ ਭਿਆਣਾ ਭੱਜਾ ਜਾ ਰਿਹਾ ਹੈ ਤੇ ਮਗਰ ਉਸਦੇ ਕਈ ਕੁੱਤੇ ਲੱਗੇ ਹੋਏ ਹਨ। ਉਹ ਨਿੱਸਰੀ ਤੇ ਮੱਲੀ ਹੋਈ ਕਣਕ ਵਿਚ ਭੱਜਾ ਜਾ ਰਿਹਾ ਹੈ। ਕਣਕ ਉਸਦੇ ਸਰੀਰ ਨਾਲ਼ ਖਹਿ ਕੇ ਪਾਸਿਆਂ ਨੂੰ ਉਲਰ ਰਹੀ ਸੀ। ਮੇਰੇ ਵੇਖਦਿਆਂ ਹੀ ਕੁੱਤਿਆਂ ਨੇ ਉਸ ਨੂੰ ਢਾਹ ਲਿਆ। ਇਸ ਤੋਂ ਬਾਅਦ ਆਪਣੇ ਦਿਲ ਦੀ ਕਮਜ਼ੋਰੀ ਕਾਰਨ ਮੈ ਹੋਰ ਕੁਝ ਨਾ ਵੇਖ ਸਕਿਆ। ਇਹ ਮਾਰਿਆ ਹੋਇਆ ਗਿੱਦੜ ਸਾਡੀ ਹਵੇਲੀ ਵਿਚ ਹੀ ਲਿਆਂਦਾ ਗਿਆ। ਮੈਨੂੰ ਪਿੱਛੋਂ ਪਤਾ ਲੱਗਾ ਕਿ ਕਿਸੇ 'ਸਿਆਣੇ' ਦੇ ਆਖੇ ਇਹ ਗਿੱਦੜ ਕੇਵਲ ਸਾਡੇ ਬੌਲ਼ਦ ਵਾਸਤੇ ਹੀ ਮਾਰਿਆ ਗਿਆ ਸੀ। ਵੈਸੇ ਆਮ ਕਿਸਾਨ ਗਿੱਦੜ ਖ਼ੁਦ ਨਹੀਂ ਸਨ ਖਾਇਆ ਕਰਦੇ।
ਸਾਡੇ ਪਿੰਡ ਦਾ ਇਕ ਮਜ਼ਹਬੀ ਲੱਛੂ ਹੁੰਦਾ ਸੀ ਜਿਸਨੂੰ ਪਿੱਛੋਂ ਜਾ ਕੇ ਮੇਰੇ ਨੰਬਰਦਾਰ ਚਾਚੇ ਨੇ, ਪਹਿਲੇ ਚੌਕੀਦਾਰ ਨੂੰ ਹਟਾ ਕੇ, ਉਸਨੂੰ ਪਿੰਡ ਦਾ ਚੌਕੀਦਾਰ ਲਾਇਆ ਸੀ। ਉਹਨੀਂ ਦਿਨੀਂ ਚੌਕੀਦਾਰ ਨੂੰ ਰਪਟੀਆ ਵੀ ਆਖਿਆ ਜਾਂਦਾ ਸੀ ਕਿਉਂਕਿ ਉਹ ਠਾਣੇ ਜਾ ਕੇ ਪਿੰਡ ਵਿਚ ਵਾਪਰੀ ਹਰੇਕ ਚੰਗੀ ਮਾੜੀ ਘਟਨਾ ਦੀ ਰਪਟ (ਰੀਪੋਰਟ) ਲਿਖਾਇਆ ਕਰਦਾ ਸੀ। ਉਸ ਨੇ ਉਸ ਨੂੰ ਵਢ ਟੁੱਕ ਕੇ ਤਿਆਰ ਕੀਤਾ। ਦੋ ਹਿੱਸਿਆਂ ਵਿਚ ਬਰਾਬਰ ਉਸਦੀ ਵੰਡ ਕੀਤੀ ਗਈ। ਇਹ ਸਾਰਾ ਕਾਰਜ ਕਰਕੇ ਉਹ ਗਿੱਦੜ ਦੀ ਇਕ ਲੱਤ ਰੋਕਦਿਆਂ ਰੋਕਦਿਆਂ ਵੀ ਆਪਣੇ ਘਰ ਲਈ ਲੈ ਗਿਆ। ਵਲਟੋਹੀ ਵਿਚ ਪਾ ਕੇ ਅੱਧਾ ਗਿੱਦੜ ਹਵੇਲੀ ਵਿਚ ਰਿਝਣਾ ਧਰਿਆ। ਹਿਦਾਇਤ ਸੀ ਕਿ ਇਸ ਦੀ ਭਾਫ਼ ਬਾਹਰ ਨਾ ਨਿਕਲ਼ੇ। ਇਸ ਲਈ ਵਲਟੋਹੀ ਦੇ ਮੂੰਹ ਉਪਰ ਢੱਕਣ ਦੇਣ ਤੋਂ ਬਾਆਦ ਉਸ ਉੱਤੇ ਵੇਲਣੇ ਦਾ ਲੋਹੇ ਦਾ ਬੁੱਗ ਰੱਖਿਆ ਗਿਆ। ਬੁੱਗ ਉੱਤੇ ਸੁਹਾਗਾ; ਅਤੇ ਜ਼ੋਰ ਨਾਲ਼ ਉਬਾਲ਼ਾ ਆਉਣ ਦੇ ਸਮੇ ਸੁਹਾਗੇ ਉਪਰ ਬੰਦੇ ਵੀ ਬੈਠੇ। ਸਮਝਿਆ ਜਾਂਦਾ ਸੀ ਕਿ ਉਸ ਦੀ ਭਾਫ ਵਿਚ ਏਨੀ ਤਾਕਤ ਹੈ ਕਿ ਉਹ ਏਨਾ ਭਾਰ ਵੀ ਚੁੱਕ ਕੇ ਪਰ੍ਹੇ ਵਗਾਹ ਕੇ ਮਾਰ ਸਕਦੀ ਹੈ। ਮੈਨੂੰ ਯਾਦ ਹੈ ਕਿ ਉਸਦੇ ਰਿਝਣ ਸਮੇ ਜਿਥੋਂ ਵੀ ਜ਼ਰਾ ਕੁ ਭਾਫ ਨਿਕਲ਼ਣੀ, ਕੋਲ ਸਾਵਧਾਨੀ ਨਾਲ਼ ਬੈਠੇ ਝੀਵਰ ਸ. ਭੋਲ਼ਾ ਸਿੰਘ ਨੇ ਪਹਿਲਾਂ ਹੀ ਤਿਆਰ ਕਰਕੇ ਕੋਲ਼ ਰੱਖਿਆ ਹੋਇਆ ਗਾਰਾ ਫੱਟ ਉਸ ਥਾਂ ’ਤੇ ਥੱਪ ਕੇ ਉਸਨੂੰ ਬਾਹਰ ਨਿਕਲ਼ਣ ਤੋਂ ਰੋਕ ਦੇਣਾ। ਸਾਰੀ ਰਾਤ ਉਹ ਰਿਝਦਾ ਰਿਹਾ ਤੇ ਸਵੇਰ ਵੇਲ਼ੇ ਠੰਡਾ ਕਰਕੇ ਉਸਨੂੰ ਨਾਲ਼ ਵਿਚ ਪਾ ਕੇ ਬੌਲ਼ਦ ਦੇ ਮੂੰਹ ਵਿਚ ਉਲੱਦ ਦਿੱਤਾ। ਰਿਝੇ ਹੋਏ ਮਾਸ ਨੂੰ ਮਲ਼ ਮਲ਼ ਕੇ, ਉਸਦੀਆਂ ਹੱਡੀਆਂ ਨੂੰ ਵੱਖ ਕਰਕੇ, ਪਤਲੀ ਤੇ ਸੰਘਣੀ ਤਰੀ ਜਿਹੀ ਬਣਾ ਕੇ ਵੰਝ ਤੋਂ ਬਣਾਈ ਗਈ ਨਾਲ਼ ਵਿਚ ਪਾ ਕੇ ਬੌਲ਼ਦ ਦੇ ਸੰਘ ਵਿਚ ਉਲੱਦਣ ਦੀ ਸਾਰੀ ਕਾਰਵਾਈ, ਦੋਵੇਂ ਦਿਨ ਸ. ਕਰਨੈਲ ਸਿੰਘ ਨੇ ਕੀਤੀ ਸੀ। ਇਹ ਸੱਜਣ ਪਿੰਡ ਦਾ ਹੋਣ ਦੇ ਨਾਲ਼ ਨਾਲ਼, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ਼ ਵਿਚ ਸਾਡੀ ਰਿਸ਼ਤੇਦਾਰੀ ਵਿਚ ਵਿਆਹਿਆ ਹੋਇਆ ਸੀ ਤੇ ਇਹ ਸਾਕ ਸਤਿਕਾਰਯੋਗ ਮੇਰੇ ਦਾਦੀ ਮਾਂ ਜੀ ਨੇ ਕਰਵਾਇਆ ਸੀ। ਇਸ ਲਈ ਪਿੰਡ ਦਾ ਵਸਨੀਕ ਹੋਣ ਦੇ ਨਾਲ਼ ਇਹ ਇਸ ਤਰ੍ਹਾਂ ਸਾਕਾਦਾਰੀ ਵਿਚ ਵੀ ਸਾਡੇ ਨੇੜਿਉਂ ਲੱਗਦਾ ਸੀ। ਬਹੁਤ ਸਮਾ ਬਾਅਦ ਇਹ ਪਿੰਡ ਦਾ ਸਰਪੰਚ ਵੀ ਚੁਣਿਆ ਗਿਆ। ਇਹ ਜਵਾਨੀ ਵਿਚ ਸ਼ਿਕਾਰ ਖੇਡਿਆ ਕਰਦਾ ਸੀ ਤੇ ਉਸ ਗਿੱਦੜ ਦਾ ਸ਼ਿਕਾਰ ਕਰਨ ਸਮੇ ਇਹ ਆਪਣੇ ਕੁੱਤਿਆਂ ਸਮੇਤ ਮੋਹਰੀ ਸੀ। ਦੋ ਦਿਨ ਇਹ ਕਾਰਜ ਕੀਤਾ ਗਿਆ। ਬੌਲ਼ਦ ਉਪਰ ਇਸ ਦਾ ਕਰਾਮਾਤ ਵਰਗਾ ਅਸਰ ਹੋਇਆ। ਉਹ ਨਾ ਕੇਵਲ਼ ਆਪਣੇ ਆਪ ਉਠਣ ਹੀ ਲੱਗ ਪਿਆ ਬਲਕਿ ਹਲ਼ੇ, ਖੂਹੇ, ਖਰਾਸੇ ਵਗਣ ਵੀ ਲੱਗ ਪਿਆ। ਮੇਰੀ ਸੋਚ ਵਿਚ ਹੁਣ ਵੀ ਉਹ ਸੀਨ ਮੌਜੂਦ ਹੈ ਜਦੋਂ ਇਕ ਦਿਨ ਮੈ ਉਸਨੂੰ ਖਰਾਸੇ ਜੁੱਪਿਆ ਹੋਇਆ ਵੇਖਿਆ ਸੀ। ਇਕ ਲੱਤੋਂ ਲੰਙ ਉਹ ਜ਼ਰੂਰ ਮਾਰਦਾ ਰਿਹਾ ਸੀ ਪਰ ਵਗਦਾ ਪੂਰੀ ਸ਼ਕਤੀ ਨਾਲ਼ ਸੀ।
Friday, November 28, 2008
ਸੰਤ ਸਿੰਘ ਸੰਧੂ - ਨਜ਼ਮ
ਦੋਸਤੋ! ਮੈਂ ਇਹ ਗੱਲ ਅੱਜ ਸਭ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋਈ ਹੈ ਕਿ ਯੂ. ਕੇ. ਨਿਵਾਸੀ ਸਤਿਕਾਰਤ ਸ: ਮੋਤਾ ਸਿੰਘ ਸਰਾਏ ਜੀ (ਪੰਜਾਬੀ ਸੱਥ, ਲਾਂਬੜਾ ਪਬਲਿਕੇਸ਼ਨ) ਨੇ ਆਪਣੇ ਨਿੱਜੀ ਰੁਝੇਵਿਆਂ ‘ਚੋਂ ਵਕਤ ਕੱਢ ਕੇ ‘ਆਰਸੀ’ ਲਈ ਸਤਿਕਾਰਤ ਸ: ਸੰਤ ਸਿੰਘ ਸੰਧੂ ਜੀਆਂ ਲਿਖਤਾਂ ਸਭ ਨਾਲ਼ ਸਾਂਝੀਆਂ ਕਰਨ ਨੂੰ ਭੇਜੀਆਂ ਹਨ, ਮੈਂ ਸਰਾਏ ਸਾਹਿਬ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਰਾਏ ਸਾਹਿਬ! ਤੁਹਾਡੇ ਨਾਲ਼ ਪਹਿਲੀ ਵਾਰ ਹੀ ਫ਼ੋਨ ਤੇ ਗੱਲ ਕਰਕੇ ਏਨੀ ਅਪਣੱਤ ਮਹਿਸੂਸ ਹੋਈ ਕਿ ਰੂਹ ਖਿੜ੍ਹ ਗਈ ਤੇ ਲੱਗਿਆ ਕਿ ‘ਆਰਸੀ’ ਦਾ ਸਾਹਿਤਕ ਕਾਫ਼ਿਲਾ ਸਹੀ ਮੰਜ਼ਿਲ ਵੱਲ ਵੱਧ ਰਿਹਾ ਹੈ। ਬੱਸ ਤੁਹਾਡੇ ਵਰਗੇ ਸੁਲਝੀ ਸੋਚ ਦੇ ਇਨਸਾਨ ਜਦੋਂ ‘ਆਰਸੀ’ ਵਰਗੀ ਸਾਈਟ ਦਾ ਨੋਟਿਸ ਲੈ ਕੇ ਮੇਲ ਕਰ ਦੇਣ.....ਅੱਖਾਂ ਭਰ ਆਉਂਦੀਆਂ ਨੇ ਤੇ ਹੋਰ ਚੰਗਾ ਕਰਨ ਦੀ ਚਾਹ ਪੈਦਾ ਹੁੰਦੀ ਹੈ। ਬਹੁਤ-ਬਹੁਤ ਸ਼ੁਕਰੀਆ!
ਦੋਸਤੋ! ਸਰਾਏ ਸਾਹਿਬ ਦੇ ਦੱਸਣ ਮੁਤਾਬਕ ਸਤਿਕਾਰਤ ਸੰਤ ਸਿੰਘ ਸੰਧੂ ਜੀ ਪ੍ਰਸਿੱਧ ਕਵੀ ‘ਪਾਸ਼’ ਦੇ ਗੁਆਂਢੀ, ਦੋਸਤ ਤੇ ਸਾਹਿਤਕ ਗੁਰੂ ਹਨ। ਉਹਨਾਂ ਦੀਆਂ ਕਿਤਾਬਾਂ ਤੇ ਹੋਰ ਪ੍ਰਾਪਤੀਆਂ ਬਾਰੇ ਜਲਦੀ ਹੀ, ‘ਆਰਸੀ’ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ..ਆਓ! ਅੱਜ ਰਲ਼ ਕੇ ਸਰਾਏ ਸਾਹਿਬ ਦਾ ਧੰਨਵਾਦ ਕਰੀਏ ਤੇ ਸੰਧੂ ਸਾਹਿਬ ਨੂੰ ਆਰਸੀ ਤੇ ਖ਼ੁਸ਼ਆਮਦੀਦ ਕਹੀਏ! ਅੱਜ ਇਹਨਾਂ ਦੀਆਂ ਦੋ ਰਚਨਾਵਾਂ ਨਾਲ਼ ਇਹ ਸਾਈਟ ਨਵੀਆਂ ਦਿਸ਼ਾਵਾਂ ਵੱਲ ਉੜਾਨ ਭਰ ਰਹੀ ਹੈ....ਸੰਧੂ ਸਾਹਿਬ ਤੇ ਉਹਨਾਂ ਦੀ ਕਲਮ ਨੂੰ ‘ਆਰਸੀ’ ਦੇ ਸਭ ਪਾਠਕ / ਲੇਖਕ ਦੋਸਤਾਂ ਵੱਲੋਂ ਸਲਾਮ!!
ਜੰਡ
ਨਜ਼ਮ
ਪੱਤਝੜ ਸੁੰਨੀਆਂ ਜੂਹਾਂ ਚੋਂ
ਨਾ ਜਾਵੇ ਨੀ
ਜੰਡ ਦੇ ਉੱਤੇ ਕਦੀ ਬਹਾਰ ਨਾ ਆਵੇ ਨੀ
ਮਿਰਜ਼ਾ ਤੇ ਮਿਰਜ਼ਾ ਹੀ ਮਿਰਜ਼ਾ
ਕਰਦੀ ਏ
ਜਦ ਕੋਈ ਬੱਕੀ ਜੰਡ ਕੋਲੋਂ
ਲੰਘ ਜਾਵੇ ਨੀ
ਲੰਮੇ ਹਉਕੇ ਤੇ ਹਟਕੋਰੇ
ਭਰਦੀ ਏ
ਜਦ ਕੋਈ ਰਾਹੀ ਜੰਡ ਥੱਲੇ
ਸੁਸਤਾਵੇ ਨੀ
ਮਿਰਜ਼ੇ ਦੀ ਫਿਰ ਲਾਸ਼
ਲੁਕੋਵਣ ਲੱਗਦੀ ਏ
ਮਨਹੂਸ ਸਮੇਂ ਦਾ
ਜੇ ਪਰਛਾਵਾਂ ਆਵੇ ਨੀ
ਇਬਰਾਹੀਮ ਧਿਆਵੇ
ਮਿਰਜ਼ੇ ਪੁੱਤਰਾਂ ਨੂੰ
ਕੁਰਬਾਨੀ ਦੀ ਈਦ
ਇਹ ਸਦਾ ਮਨਾਵੇ ਨੀ
ਮੁਸਲਮਾਨ ਜਦ ਪੜ੍ਹਨ
ਨਮਾਜ਼ਾਂ ਆਉਂਦੇ ਨੇ
ਜੰਡ ਮਿਰਜ਼ੇ ਨੂੰ
ਅੱਲ੍ਹਾ ਵਾਂਗ ਧਿਆਵੇ ਨੀ
ਤੀਰ ਜਿਨ੍ਹਾਂ ਦੁੱਖ ਮੰਨਦੀ
ਤੇ ਕੁਰਲਾਉਂਦੀ ਏ
ਜੇ ਕੋਈ ਪੱਤਾ
ਜੰਡ ਤੋਂ ਤੋੜ ਗਵਾਵੇ ਨੀ
ਰੋਂਦੀ ਆਪਣਾ ਸਿਰ ਪਟਕਾਵੇ
ਅੰਬਰਾਂ ਵਿਚ
ਵਣ ਵਿਚ ਰੋਂਦੀ ਜੰਡ ਨੂੰ
ਕੌਣ ਵਰਾਵ੍ਹੇ ਨੀ
ਇੰਦਰ ਬਰਸੇ ਦੁੱਖ ਜਦ
ਆਪਣੇ ਰੋਂਦਾ ਏ
ਜੰਡ ਹੰਝੂਆਂ ਦੀ
ਲੰਮੀ ਝੜੀ ਲਗਾਵੇ ਨੀ
ਦੁੱਖ ਮਿਰਜ਼ੇ ਦੇ, ਫੋਲਣ ਹੀ
ਲੱਗ ਜਾਂਦੀ ਏ
ਜਦ ਕੋਈ ਦੁਖੀਆ
ਜੰਡ ਨੂੰ ਸੀਸ ਝੁਕਾਵੇ ਨੀ
ਜੰਡ ਆਪਣੇ ਤੋਂ
ਪੱਤੇ ਲਾਹ ਲਾਹ ਸੁੱਟਦੀ ਏ
ਫਿਰ ਮਿਰਜ਼ੇ ਦੇ ਵੈਣ
ਹਵਾ ਵਿਚ ਪਾਵੇ ਨੀ
ਸੱਲ ਬੱਚਿਆਂ ਦੇ
ਛੇਕਣ ਸੀਨੇ ਮਾਵਾਂ ਦੇ
ਜੰਡ ਮੋਇਆਂ ਦਾ
ਗੀਤ ਪੁਰਾਣਾ ਗਾਵੇ ਨੀ
ਦਾਨਾਬਾਦ ਦੀਆਂ ਗਲੀਆਂ ਦਾ
ਪੁੱਛਦੀ ਏ
ਜਦ ਕੋਈ ਚੰਧੜ,
ਦਾਨਾਬਾਦ ਤੋਂ ਆਵੇ ਨੀ
ਜੜ੍ਹ ਤਾਂਈ ਕੰਬ ਜਾਂਦੀ
ਜੰਡ ਨਿਮਾਣੀ ਏ
ਸੱਪਣੀ ਜਦੋਂ ਸਪੋਲੀਏ
ਆਪਣੇ ਖਾਵੇ ਨੀ
ਫਿਰ ਨਾ ਤੀਰ ਲਕੋਵੇ
ਕੋਈ ਜੰਡ ਭੈੜੀ
ਫਿਰ ਸੱਖਣੀ ਨਾ ਕੋਈ
ਸਾਹਿਬਾਂ ਜਾਵੇ ਨੀ
============
ਪੂਰਬ ਦੀ ਬੇਟੀ
ਪੂਰਬ ਦੀ ਬੇਟੀ ਦੀ ਹੱਤਿਆ
ਜਦ ਮੈਂ ਸੁਣਿਆ ਹੋਈ
ਗੜ੍ਹੀ ਖ਼ੁਦਾ ਬਖ਼ਸ਼ ਦੀ ਧਰਤੀ
ਦੂਜੀ ਵਾਰੀ ਰੋਈ
ਪਹਿਲਾਂ ਵੀ ਤਾਂ ਦੈਂਤ ਗੋਰੇ ਨੇ
ਲਹੂ ਨਾਲ ਧਰਤੀ ਧੋਤੀ
ਹੁਣ ‘ਬਿਲਾਵਲ’ ਰਾਗ ਦੇ ਅੱਗੇ
ਕਾਲੀ ਕੰਧ ਖਲੋਤੀ
ਦੈਂਤ ਪੱਛਮ ਦਾ ਕਰ ਜਾਂਦਾ ਹੈ
ਨਿੱਤ ਪੂਰਬ ਦੀ ਹੇਠੀ
ਹੋਈ ਸਪੁਰਦੇ ਖ਼ਾਕ ਵੇਖ ਲਓ
ਫਿਰ ਪੂਰਬ ਦੀ ਬੇਟੀ
ਗੜ੍ਹੀ ਖ਼ੁਦਾਬਖਸ਼ ਦੇ ਰਾਹੇ
ਤੁਰਿਆ-ਤੁਰਿਆ ਜਾਵਾਂ
ਪੂਰਬ ਦੀ ਬੇਟੀ ਦਾ ਸੋਗੀ
ਗੀਤ ਪਿਆ ਹੁਣ ਗਾਵਾਂ
ਮੋਰ ਮਰੇ ਖ਼ਾਬਾਂ ਵਿਚ ਮੇਰੇ
ਬੁਲਬੁਲ ਗੂੰਗੀ ਹੋਈ
ਮਸਜਿਦ ਦੇ ਮੀਨਾਰਾਂ ਨੇੜੇ
ਫੇਰ ਨਿਮਾਜਣ ਰੋਈ
ਸੰਗੀਨਾਂ ਦੀ ਖੇਡ ਖੇਡ ਵਿਚ
ਸੰਗੀਨ ਹੈ ਪੁੱਗ ਖਲੋਈ
ਸੱਤਾ ਦੇ ਰਿਸ਼ੀਆਂ ਦੇ ਹੱਥੋਂ
ਪੱਥਰ ਅਹੱਲਿਆ ਹੋਈ
ਲੱਕ ਪੂਰਬ ਦਾ ਕੁੱਬਾ ਹੋਇਆ
ਧੀ ਪੂਰਬ ਦੀ ਮੋਈ
ਦੈਂਤ ਪੱਛਮ ਦਾ ਜਰ ਨਾ ਸਕਦਾ
ਪੂਰਬ ਦੀ ਖ਼ੁਸ਼ਬੋਈ
ਸਿੰਧ ਦਰਿਆ ਦੀਆਂ ਲਹਿਰਾਂ ਵਿਚੋਂ
ਲੋਕਧਾਰਾ ਲਹਿਰਾਈ
ਸਿਰ ਦੇ ਉੱਤੇ ਓੜ ਦੁਪੱਟਾ
ਵਿਚ ਪੰਜਾਬ ਦੇ ਛਾਈ
ਬੇਨਜ਼ੀਰ ਨੂੰ ਕਤਲ ਹੈ ਕਰਦਾ
ਕਦੇ ਹੁਸੈਨ ਸੂਲੀ ਹੈ ਚੜ੍ਹਦਾ
ਪੂਰਬ ਦੀ ਸਰਘੀ ਦੇ ਅੱਗੇ
ਗੋਰਾ ਦੈਂਤ ਹਨ੍ਹੇਰਾ ਕਰਦਾ
ਫਿਰ ਕੋਈ ਕੈਦੋ ਘਰ ਦਾ ਭੇਤੀ
ਖੇੜਿਆਂ ਤਾਈਂ ਬੁਲਾਏ
ਫਿਰ ਨਵਾਂ ਕੋਈ ਪਾਜੀ ਆਵੇ
ਹੀਰ ਨੂੰ ਜ਼ਹਿਰ ਖੁਆਏ
ਸਾਡੇ ਫੇਰ ਸਿਰਾਂ ਦੇ ਉੱਤੇ
ਚੜ੍ਹ ਕੇ ਰਾਖਸ਼ ਆਇਆ
ਪੂਰਬ ਦੀ ਲਾਲੀ ‘ਤੇ ਛਿੱਟਾ
ਮਜ਼ਲੂਮ ਲਹੂ ਦਾ ਪਾਇਆ
ਫਿਰ ਇਸਲਾਮ ਦੀ ਧਰਤੀ ਉੱਤੇ
ਕਾਫ਼ਿਰ ਕਿਧਰੋਂ ਆਏ
ਬੁੱਲ੍ਹੇਸ਼ਾਹ ਦੀਆਂ ਪੈੜ੍ਹਾਂ ਮਿੱਧਣ
ਦੈਂਤ ਫਿਰਨ ਚਮਲ੍ਹਾਏ
ਬੱਕਰੀਆਂ ਦੀ ਹੱਤਿਆ ਕਰਕੇ
ਈਦ ਮਨਾਵਣ ਕੈਸੀ
‘ਈਦ-ਉਲ-ਜੂਹਾ’ ਦੇ ਜਿਨ੍ਹਾਂ ਨੇ
ਭੇਤ ਅਜੇ ਨਾ ਪਾਏ
ਫੇਰ ਫਸਲ ਨੂੰ ਖਾਵਣ ਲੱਗੀਆਂ
ਏਸ ਫਸਲ ਦੀਆਂ ਵਾੜਾਂ
ਗੜ੍ਹੀ ਖ਼ੁਦਾ ਬਖ਼ਸ਼ ਨੂੰ ਵੇਖੋ
ਬਖਸਿ਼ਆ ਨਹੀਂ ਬਘਿਆੜਾਂ
ਸਿੰਧ ਦਰਿਆ ਨੂੰ ਘੇਰ ਲਿਆ ਹੈ
ਫਿਰ ਜਿਵੇਂ ਐਡਵਾਇਰਾਂ
ਵਹਿਸ਼ੀ ਬੂਟ ਲਿਤਾੜ ਰਹੇ ਨੇ
ਸਿੰਧ ਦਰਿਆ ਦੀਆਂ ਲਹਿਰਾਂ
ਸਿੰਧ ਦੇ ਵਾਰਿਸ ਜਾਗ ਪੈਣ ਤਾਂ
ਸਾਂਭ ਲੈਣ ਖ਼ੁਸ਼ਬੋਈ
ਸਿੰਧ ਦੀਆਂ ਸਭ ਲਹਿਰਾਂ ਅੱਗੇ
ਕਰਦਾ ਹਾਂ ਅਰਜ਼ੋਈ
ਦੈਂਤ ਜਿਹੜੇ ਹੰਕਾਰੀ ਫਿਰਦੇ
ਮੂੰਹ ਨਾ ਕਦੀ ਲਗਾਵਾਂ
ਗੜ੍ਹੀ ਖੁਦਾ ਬਖ਼ਸ਼ ਦੀਆਂ ਮਾਵਾਂ
ਨੂੰ ਮੈਂ ਸੀਸ ਝੁਕਾਵਾਂ
ਗੜ੍ਹੀ ਖ਼ੁਦਾ ਬਖ਼ਸ਼ ਦੇ ਜਣਿਓਂ
ਰਲ ਕੇ ਬਣਤ ਬਣਾਈ ਏ
ਗੜ੍ਹੀ ਖ਼ੁਦਾ ਬਖ਼ਸ਼ ਦੇ ਕੋਲ
ਗੜ੍ਹੀ ਚਮਕੌਰ ਲਿਆਈ ਏ
ਸੰਤੋਖ ਧਾਲੀਵਾਲ - ਨਜ਼ਮ
ਨਜ਼ਮ
ਬਹੁਤੇ ਮੋਹ ਭਰੇ ਖ਼ਤ
ਨਾ ਲਿਖਿਆ ਕਰ
ਉਸਨੂੰ!
ਕਿ
ਉਹ..............
ਤੇਰੇ ਅੱਖਰਾਂ ‘ਚੋਂ
ਸੀਤ ਪਰਛਾਵੇਂ ਤਲਬਦੀ
ਤੇਰੇ ਜੰਗਲ ‘ਚ ਲੱਗੀ
ਅੱਗ ਦੇ ਧੂੰਏਂ ਧੁਆਂਖੀ ਜਾਏ
ਤੇ.............
ਤੂੰ........?
ਉਸਦੀਆਂ ਨਜ਼ਰਾਂ ‘ਚ ਸਹਿਮੀ
ਉਡੀਕ ਦੇ ਹਾਸ਼ੀਏ ‘ਚੋਂ ਹੀ ਤਿਲਕ ਜਾਏਂ
ਤੇ ਆਪ ਉਸਦੇ ਸਾਥ ਲਈ ਸਹਿਕਦਾ
ਸੁੰਨਸਾਨ ਪੈਂਡਿਆਂ ਦੇ ਗਲ਼
ਮੰਜ਼ਲ ਦਾ ਦਿਲਾਸਾ ਲਟਕਾਉਂਦਾ ਹੀ
ਖੰਡਰ ਹੋ ਜਾਏਂ ।
ਬਹੁਤੇ ਮੋਹ ਭਰੇ ਖ਼ਤ
ਨਾ ਲਿਖਿਆ ਕਰ ਉਸਨੂੰ
ਜਿਨ੍ਹਾਂ ਦੀ ਸ਼ਹਿ ਤੇ ਉਹ
ਫਸੀਲਾਂ ਟੱਪਣ ਦੀ ਹਾਮੀ ਭਰ ਦਏ---
ਤੇ ਕਿਲ੍ਹੇ ਅੰਦਰ ਮਹਿਫੂਜ਼ ਪੈੜਾਂ ਤੇ
ਹਿਰਖਾਂ ਦੀ ਤਿਲਚੌਲ਼ੀ ਤ੍ਰੌਂਕ ਕੇ
ਪੁਰਖਿਆਂ ਦੀ ਪੱਗ ਰੋਲ਼ ਦਏ ।
ਤੇਰੀਆਂ ਬਾਹਵਾਂ ਤੋਂ
ਕਿਲ੍ਹੇ ਦੀਆਂ ਕੰਧਾਂ ਬਹੁਤ ਮਜ਼ਬੂਤ ਹਨ ।
ਕਿੰਝ ਸਾਂਭੇਂਗਾ ਫੇਰ
ਉਸ ਟੁੱਟੀ, ਖਿਲਰੀ
ਰੇਤੇ ਦੀ ਇਬਾਰਤ ਨੂੰ---?
ਜੋ ਸੰਸਕ੍ਰਿਤੀ ਦੇ
ਠਾਠਾਂ ਮਾਰਦੇ ਸਮੁੰਦਰ ਦੀ
ਪਹਿਲੀ ਛਲ ਨਾਲ ਹੀ
ਮਿਟ ਤੇ ਵਿਸਰ ਜਾਵੇਗੀ ।
ਨਾ ਲਾਇਆ ਕਰ.......
ਬਹੁਤੇ ਮੋਹ ਭਰੇ
ਅੱਖਰਾਂ ਦੀ ਮਹਿੰਦੀ
ਉਸਦੇ ਕੂਲੇ,ਵਿਚਾਰੇ
ਹੱਥਾਂ ਦੀਆਂ ਲਕੀਰਾਂ ਤੇ
ਨਾ ਬੀਜਿਆ ਕਰ........
ਆਪਣੀ ਅੱਗ ਦੇ ਬੀਜ
ਉਸਦੀਆਂ ਸੋਚਾਂ ਦੀ ਪੈਲ਼ੀ ‘ਚ
ਉਸਨੂੰ ਆਪ ਮਹਿਕਾਂ ਬੀਜਣ ਲਈ
ਵਤਰੀ ਧਰਤੀ ਹਾਜ਼ਰ ਕਰ ।
ਇਵੇਂ ਨਾ ਹੋਵੇ ਕਿ
ਤੇਰੇ ਹੇਰਵੇ ਦੀ ਔੜ ‘ਚ
ਉਸਦੀਆਂ ਚਾਹਾਂ ਦੀ
ਸਲ੍ਹਾਭ ਹੀ ਸੁਕ ਜਾਏ
ਤੇ ਉਸਦੇ ਭਵਿੱਖ ਦੀ ਫਸਲ
ਉਸਦੇ ਸੀਨੇ ਦੀ
ਭਖਦੀ ਮਿਟੀ ‘ਚ ਹੀ ਕੋਲੇ ਹੋ ਜਾਏ ।
ਤੇ.........
ਉਹ.....................
ਰੋਹੀਆਂ ‘ਚ ਭਟਕਦੀ ਹਿਰਨੀ ਵਾਂਗੂੰ
ਤੇਰੀ ਛਾਂ ਦੀ ਉਡੀਕ ‘ਚ
ਸਿਵਾ ਹੋ ਜਾਏ ।
ਖ਼ਤ ਆਖਰੀ ਵੀ ਨਾ ਲਿਖ ਬੈਠੀਂ
ਕਿਧਰੇ ਓਸਨੂੰ
ਕਿ
ਉਹ...........
ਤੇਰੇ ਹਰਫ਼ਾਂ ਦੇ ਅਰਥ ਢੂੰਡਦੀ
ਹਓਕਿਆਂ ਦੀਆਂ ਨੀਹਾਂ ‘ਚ ਚਿਣੀ ਜਾਏ
ਤੇ........
ਤੇਰੇ ਜੰਗਲ ਦਾ ਹਾਕਮ
ਇਕ ਹੋਰ ਬੰਸਰੀ ਦੀ
ਸੁਰ ਕਤਲ ਕਰਕੇ
ਇਕ ਹੋਰ ਮਹਿਕ ਦੀ
ਲਾਲਸਾ ਦਾ ਗਲਾ ਘੁਟ ਕੇ
ਜਿੱਤ ਦਾ ਤੁਰਲਾ ਉੱਚੀ ਕਰੀ ਫਿਰੇ ।
ਬਹੁਤੇ ਮੋਹ ਭਰੇ ਖ਼ਤ ਨਾ
ਲਿਖਿਆ ਕਰ ਉਸਨੂੰ!
ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ
ਭਾਗ ਤੀਜਾ
ਇਹ ਵੀ ਸੱਚ ਹੈ ਕਿ ਪੰਜਾਬੀਆਂ ਨੂੰ ਦੁਨੀਆਂ ਦੇ ਹਰ ਵਿਕਸਤ ਦੇਸ਼ ਵਿੱਚ ਵਿਚਰਨ ਦਾ ਸ਼ੌਕ ਹੈ। ਹਰ ਤਰ੍ਹਾਂ ਦੀਆਂ ਚੁਣੌਤੀਆਂ ਆਪਣੇ ਪਿੰਡੇ ਤੇ ਹੰਢਾ ਸਕਣ ਦੇ ਸਮਰੱਥ ਪੰਜਾਬੀ ਕੌਮ ਦੁਨੀਆਂ ਦੇ ਕੋਨੇ-ਕੋਨੇ ਵਿੱਚ ਆਪਣੀ ਧਾਕ ਜਮਾਈ ਬੈਠੀ ਹੈ। ਦੂਰੋਂ ਦਿਸਣ ਵਾਲੀ ਤੇ ਦੂਰ-ਦੂਰ ਤੱਕ ਦਿਸਣ ਵਾਲੀ ਪੰਜਾਬੀਅਤ ਪੂਰੀ ਚੜਦੀ ਕਲਾ ਵਿੱਚ ਹੈ। ਇਵੇਂ ਲਗਦਾ ਹੈ ਕਿ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਪਰ ਅਸੀਂ ਕਿਤੇ ਕੁਝ ਗੁਆ ਤਾਂ ਨਹੀਂ ਰਹੇ? ਸੱਤ ਦੋਆਬਿਆਂ ਵਾਲਾ ਦੇਸ਼, ਦਰਿਆਵਾਂ ਦੀ ਜ਼ਰਖੇਜ਼ ਧਰਤੀ, ਪੀਰਾਂ ਫਕੀਰਾਂ ਦਾ ਦੇਸ਼, ਗੁਰੂਆਂ ਦੇ ਕਰ ਕਮਲਾਂ ਨਾਲ ਬਣਾਈ ਹੋਈ ਦੁਨੀਆਂ ਦੀ ਮਿੱਤੀ ਦੋਲੀ ਵਿਆਕਰਣ ਗੁਰਮੁਖੀ ਦਾ ਦੇਸ਼ ਇਸ ਵਕਤ ਕਿਸ ਮੋੜ ਤੇ ਖੜ੍ਹਾ ਹੈ, ਜ਼ਰਾ ਗੱਲ ਤਾਂ ਕਰੀਏ :--
ਇੱਕ ਮਾਂ ਦੇ ਅੱਧੇ ਪੁੱਤਰ ਇੱਕ ਪਾਸੇ ਤੇ ਅੱਧੇ ਤਾਰਾਂ ਦੇ ਦੂਜੇ ਪਾਸੇ ਭਲਾ ਮਾਂ ਕਿਹੜੇ ਖੂਹ ਵਿੱਚ ਡੁੱਬ ਮਰੇ? ਅਸੀਂ ਪੰਜਾਬੀਆਂ ਨੇ ਸਿਰ ਢਕਾਵਾ ਕਰਨ ਲਈ ਤਾਂ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਪਰ ਮਾਂ ਬਾਰੇ ਕੁਝ ਕਲਮਾਂ ਤੋਂ ਬਿਨ੍ਹਾ ਕਦੇ ਕਿਸੇ ਨੇ ਕੁਝ ਨਾ ਸੋਚਿਆ। ਕਲਮਾਂ ਤਾਂ ਰੋਣ ਤੋਂ ਬਿਨਾ ਕੁਝ ਨਹੀਂ ਕਰ ਸਕਦੀਆਂ। ਕਲਮਾਂ ਵਾਲੇ ਪੰਜਾਬ ਦਾ ਨਕਸ਼ਾ ਜਿਵੇਂ ਮਰਜ਼ੀ ਹਿੱਕ ਨਾਲ ਲਾਈ ਫਿਰਨ ਕਿਸੇ ਨੂੰ ਕੀ? ਧਰਤੀ ਤਾਂ ਚਲੋ ਵੰਡ ਲਈ ਪਰ ਪੰਜਾਬੀ ਭਾਸ਼ਾ ਦਾ ਕੀ ਕਸੂਰ? ਪੰਜਾਬੀ ਦਾ ਜੋ ਜੋ ਕੁਝ ਗੁਰਮੁਖੀ ਤੋਂ ਬਿਨ੍ਹਾ ਨਹੀਂ ਲਿਖਿਆ ਜਾ ਸਕਦਾ ਉਹ ਤਾਂ ਫਿਰ ਗਿਆ ਗਵਾਚ। ਬੰਗਲਾ ਦੇਸ਼ ਦੇ ਬੰਗਾਲੀਆਂ ਨੇਂ ਮਾਤ ਭਾਸ਼ਾ ਬਚਾ ਲਈ ਬਾਕੀ ਸਭ ਕੁਝ ਗਵਾ ਲਿਆ ਭਾਵੇਂ ਪਰ ਮਾਂ ਬੋਲੀ ਦੀ ਗੋਦ ਦਾ ਨਿੱਘ ਦੁਨੀਆਂ ਦੀ ਹਰ ਵਸਤੂ ਤੋਂ ਪਿਆਰਾ ਲੱਗਾ। ਰੁੱਖ ਬਚਾਉਣ ਲਈ ਸਾਰੀ ਦੀ ਸਾਰੀ ਬਿਸ਼ਨੋਈ ਕੌਮ ਮਰਨ ਵਾਸਤੇ ਤਿਆਰ ਹੋ ਸਕਦੀ ਹੈ ਤਾਂ ਪੰਜਾਬੀ ਆਪਣੀ ਮਾਂ ਪੰਜਾਬੀ ਨੂੰ ਬਚਾਉਣ ਲਈ ਭਲਾ ਇੱਕ ਆਵਾਜ ਵਿੱਚ ਬੋਲ ਵੀ ਨਹੀਂ ਸਕਦੇ?
ਆਪਣੀ ਆਵਾਜ਼ ਅਦਾਰੇ ਨੇ ਇੱਕ ਕਦਮ ਚੁੱਕਿਆ ਹੈ। ਖੋਜ ਕਰਨੀ ਸ਼ੁਰੂ ਕੀਤੀ ਹੈ ਕਿ ਦੁਨੀਆਂ ਵਿੱਚ ਪੰਜਾਬੀ ਕਿੱਥੇ-ਕਿੱਥੇ ਰਹਿੰਦੇ ਹਨ। ਵਿਦੇਸ਼ਾਂ ਵਿੱਚ ਪੰਜਾਹ ਦੇਸ਼ਾਂ ਦੇ ਤਿੰਨ ਸੌ ਕਹੱਤਰ ਗੁਰਦਵਾਰਿਆਂ ਵਿੱਚ ਅਸੀਂ ਆਪਣੀ ਆਵਾਜ਼ ਦੇ ਪਰਚੇ ਭੇਜੇ ਹਨ। ਕੋਸ਼ਿਸ਼ ਜਾਰੀ ਹੈ ਕਿ ਹਰ ਪੰਜਾਬੀ ਦੁਨੀਆਂ ਵਿੱਚ ਜਿੱਥੇ ਮਰਜ਼ੀ ਰਹਿੰਦਾ ਹੋਵੇ, ਆਪਣੀ ਆਵਾਜ਼ ਪੜ੍ਹ ਕੇ ਆਪਣੀ ਮਾਂ ਪੰਜਾਬੀ ਦੀ ਸੁਖ ਮੰਗੇ। ਵਿਦੇਸ਼ਾਂ ਦੇ ਵਿੱਚ ਕਾਮਯਾਬੀਆਂ ਤੁਹਾਨੂੰ ਮੁਬਾਰਕ ਹੋਣ ਪਰ ਪੰਜਾਬੀਅਤ ਨਾਲੋਂ ਨਾ ਟੁੱਟ ਜਾਇਓ। ਜਿੰਨੇ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ ਜੇ ਉਨ੍ਹਾਂ ਵਿੱਚੋਂ ਪੰਜਾਬੀਅਤ ਮਰ ਗਈ ਤਾਂ ਕਲਮਾਂ ਵਾਲਿਆਂ ਤੋਂ ਤਾਂ ਏਨਾ ਰੋਇਆ ਵੀ ਨਹੀਂ ਜਾਣਾ। ਬੇਨਤੀ ਹੈ ਕਿ ਜੇ ਕੋਈ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਰਹਿੰਦਾ ਹੋਵੇ, ਆਪਣਾ ਸਿਰਨਾਵਾਂ ਭੇਜੇ ਅਸੀਂ ਹਰ ਹਾਲਤ ਵਿੱਚ ਹਰ ਮਹੀਨੇ ਆਪਣੀ ਆਵਾਜ਼ ਦੀ ਕਾਪੀ ਭੇਜਾਂਗੇ। ਪੰਜਾਬ, ਪੰਜਾਬੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨਾਲ ਜੁੜੇ ਰਹਿਣਾ ਹੀ ਸਾਡਾ ਧਰਮ ਹੈ।
ਕਿਤੇ ਐਸਾ ਨਾ ਹੋਵੇ ਕਿ ਅਮਰੀਕਾ, ਕੈਨੇਡਾ ਜਾਂ ਵਲੈਤ ਵਿੱਚ ਆਪਣੇ ਪਰਵਾਰ ਪੱਕੇ ਕਰਦਿਆਂ ਕਰਦਿਆਂ ਪੰਜਾਬੀ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਹੀ ਗੁਆ ਲੈਣ। ਸੱਭਿਆਚਾਰਕ ਤੌਰ ਤੇ ਦੁਨੀਆਂ ਦਾ ਕੋਈ ਦੇਸ਼ ਵੀ ਪੰਜਾਬੀਆਂ ਤੋਂ ਉੱਚਾ ਸਿਰ ਕਰਕੇ ਨਹੀਂ ਤੁਰ ਸਕਦਾ। ਅਸੀਂ ਹਰ ਹਾਲਤ ਵਿੱਚ ਇਹ ਵਿਲੱਖਣਤਾ ਬਣਾਈ ਰੱਖਣੀ ਹੈ। ਕੋਸ਼ਿਸ਼ ਕਰਨੀ ਹੈ ਕਿ ਪੰਜਾਬੀ ਬੱਚੇ ਪੰਜਾਬੀਆਂ ਨਾਲ ਹੀ ਵਿਆਹ ਕਰਵਾਉਣ। ਅਗਲੇ ਮਹੀਨੇ ਤੋਂ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਬੱਚਿਆਂ ਵਾਸਤੇ ਮੁਫ਼ਤ ਸੇਵਾ ਕਰਨ ਦੀ ਸੋਚੀ ਹੈ। ਜੋ ਵੀ ਪੰਜਾਬੀ ਇੱਕ ਖ਼ਤ ਰਾਹੀਂ ਆਪਣਾ ਵੇਰਵਾ ਭੇਜੇਗਾ ਅਸੀਂ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਵਾਂਗੇ। ਪੰਜਾਬ ਨੂੰ ਖ਼ਤਮ ਕਰਨ ਦਾ ਇਰਾਦਾ ਬਣਾ ਕੇ ਬੈਠੇ ਸਿਆਸਤਦਾਨਾ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਤਾਂ ਸਾਰੀ ਦੁਨੀਆਂ ਵਿੱਚ ਪੰਜਾਬੀਅਤ ਦੇ ਝੰਡੇ ਝੁਲਾ ਰਹੇ ਹਨ। ਇਹ ਕਿਸੇ ਕੱਲੇ ਕਾਰੇ ਦੇ ਕਰਨ ਵਾਲਾ ਕੰਮ ਨਹੀਂ ਹੈ। ਭਰਵਾਂ ਹੁੰਘਾਰਾ ਮਿਲਣ ਨਾਲ ਹੀ ਇਹ ਸਭ ਦੀ ਆਪਣੀ ਆਵਾਜ਼ ਬਣ ਸਕੇਗੀ। ਵਿਦੇਸ਼ਾਂ ਵਿੱਚ ਪੰਜਾਬੀਅਤ ਰੁਲ ਗਈ ਤਾਂ ਫਿਰ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚੋਂ ਆ ਕੇ ਤੁਹਾਡੀ ਗੈਰਹਾਜ਼ਰੀ ਵਿੱਚ ਬਣੇ ਸਰਪੰਚਾਂ ਨੂੰ ਪੰਜਾਬੀ ਕਹੀ ਜਾਇਓ ਜਾਂ ਕੁਝ ਹੋਰ... ਕੀ ਫਰਕ ਪੈਂਦਾ?
ਸ਼ਿਵਚਰਨ ਜੱਗੀ ਕੁੱਸਾ - ਯਾਦਾਂ
ਯਾਦਾਂ
ਆਸਟਰੀਆ ਇੱਕ ਬਹੁਤ ਹੀ ਛੋਟਾ, ਪਰ ਖ਼ੁਸ਼ਹਾਲ ਅਤੇ ਸ਼ਾਂਤਮਈ ਦੇਸ਼ ਹੈ। ਇੱਥੇ ਬਹੁਤ ਹੀ ਘੱਟ ਪੰਜਾਬੀ ਪ੍ਰੀਵਾਰ ਵਸਦੇ ਹਨ। ਇੱਥੋਂ ਦੇ ਪੰਜਾਬੀ ਪਰਿਵਾਰ ਬਹੁਤ ਹੀ ਘੱਟ ਮੇਲ-ਮਿਲਾਪ ਰੱਖਦੇ ਹਨ। ਜਿਸ ਕਰ ਕੇ ਇੱਕ ਦੂਜੇ ਦੀਆਂ ਘਰੇਲੂ ਮੁਸ਼ਕਿਲਾਂ ਦਾ ਬਹੁਤ ਹੀ ਘੱਟ ਪਤਾ ਚੱਲਦਾ ਹੈ। ਪਿਛਲੇ ਦੋ ਕੁ ਮਹੀਨਿਆਂ ਤੋਂ ਇੱਕੋ ਹੀ ਪਰਿਵਾਰ ਵਿਚ ਦੋ ਤਲਾਕ ਦੇ ਮੁਕੱਦਮੇਂ ਚੱਲ ਰਹੇ ਹਨ। ਅਸੀਂ ਕੁਝ ਕੁ ਬਾਰਸੂਖ਼ ਬੰਦਿਆਂ ਨੇ ਵਿਚ ਪੈ ਕੇ ਸਾਰਾ ਮਾਮਲਾ ਬੈਠ ਕੇ ਨਜਿੱਠਣਾ ਚਾਹਿਆ, ਪਰ ਬੇਅਰਥ...! ਇਕ ਪਾਸੇ ਭਣੋਈਏ ਦਾ ਕੇਸ ਆਪਣੀ ਦੂਜੀ ਪਤਨੀ ਨਾਲ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਸਾਲੇ ਦਾ ਆਪਣੀ ਪਤਨੀ ਨਾਲ!
ਭਣੋਈਏ ਦੀ ਪਹਿਲੀ ਪਤਨੀ ਅਰਥਾਤ ਸਾਲੇ ਦੀ ਭੈਣ 'ਬਰੇਨ ਟਿਊਮਰ' ਹੋਣ ਕਾਰਨ ਚੱਲ ਵਸੀ ਸੀ। ਇਸ ਕਰ ਕੇ ਉਸ ਨੇ ਦੂਜਾ ਵਿਆਹ ਕਰਵਾ ਲਿਆ। ਖ਼ੈਰ! ਕਿਸੇ ਨੂੰ ਕਿਸੇ 'ਤੇ ਕੋਈ ਸ਼ਕਾਇਤ ਨਹੀਂ ਸੀ। ਬੱਸ! ਸਿਰਫ਼ ਤੀਵੀਂ-ਆਦਮੀ ਦੀ ਹੀ ਨਹੀਂ ਬਣ ਸਕੀ। ਜਦੋਂ ਔਰਤ ਦੀ ਸਰੀਰਕ ਤ੍ਰਿਪਤੀ ਨਹੀਂ ਹੁੰਦੀ, ਪੂਰਾ ਦੋਸ਼ ਉਸ ਨੂੰ ਵੀ ਨਹੀਂ ਦਿੱਤਾ ਜਾ ਸਕਦਾ। ਇਸ ਨਤੀਜੇ ਬਾਰੇ ਉਹਨਾਂ ਮਹਾਂਰਥੀਆਂ ਨੂੰ ਸੋਚਣਾ ਚਾਹੀਦਾ ਹੈ, ਜੋ ਆਦਮੀ ਅਤੇ ਔਰਤ ਦਾ ਵੀਹ-ਵੀਹ ਸਾਲ ਦਾ ਵੀ ਫ਼ਰਕ ਨਹੀਂ ਦੇਖਦੇ ਅਤੇ 60 ਸਾਲ ਦੇ ਬੁੱਢੇ ਨਾਲ ਉਸ ਤੋਂ ਅੱਧੀ ਉਮਰ ਦੀ ਕੁੜੀ 'ਨਰੜ' ਦਿੰਦੇ ਹਨ। ਇਸ ਪੱਖੋਂ ਅਸੀਂ ਸਾਡੇ ਸਮਾਜ ਨੂੰ ਵੀ ਬਰੀ ਨਹੀਂ ਕਰ ਸਕਦੇ।
ਉਮਰੋਂ ਅੱਧੀ ਪਤਨੀ ਨੇ ਆਪਣੀ ਸਰੀਰਕ 'ਸੰਤੁਸ਼ਟੀ' ਲਈ ਕੰਧਾਂ-ਕੋਠੇ ਟੱਪਣੇ ਸ਼ੁਰੂ ਕਰ ਦਿੱਤੇ! ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ? ਬਿਨਾ-ਸ਼ੱਕ ਇਹ ਇਕ 'ਅਜੋੜ' ਜੋੜੀ ਸੀ। ਉਮਰੋਂ ਕਰੀਬ ਵੀਹ ਸਾਲ ਦਾ ਫ਼ਰਕ! ਮਾਮਲਾ ਤਲਾਕ ਤੱਕ ਪੁੱਜ ਗਿਆ। ਹੁਣ ਹਰ ਕੋਈ ਇੱਕ ਦੂਜੇ 'ਤੇ ਵੱਖੋ-ਵੱਖਰੇ, ਪਰ ਹੈਰਾਨ ਕਰ ਦੇਣ ਵਾਲੇ ਦੂਸ਼ਣ ਠੋਸ ਰਹੇ ਹਨ। ਅਸਲੀਅਤ ਕੀ ਹੈ? ਮੇਰਾ ਗੁਰੂ ਬਾਬਾ ਹੀ ਜਾਣੇਂ! ਸਾਡੇ ਤਕਰੀਬਨ ਦੋ ਮਹੀਨੇ ਛਿੱਤਰ ਘਸਾਉਣ ਦੇ ਬਾਵਜੂਦ ਵੀ ਕੋਈ ਸੁਖਾਵਾਂ ਨਤੀਜਾ ਨਹੀਂ ਨਿਕਲਿਆ। ਸਗੋਂ ਆਪਣੀ ਛੋਤ ਜਿਹੀ ਲੁਹਾ ਕੇ ਆਪੋ-ਆਪਣੇ ਘਰੀਂ ਬੈਠ ਗਏ। ਤਮਾਸ਼ਬੀਨ ਲੋਕ ਵੀ ਸਾਡੇ 'ਤੇ ਹੱਸੇ, ਤਾੜੀਆਂ ਮਾਰੀਆਂ, ਜੀਭਾਂ ਕੱਢੀਆਂ, ਚੋਭਾਂ ਲਾਈਆਂ, "ਵੱਡੇ ਸਰਪੈਂਚ ਬਣੇ ਫਿ਼ਰਦੇ ਸੀ-ਕਰਾਤਾ ਰਾਜੀਨਾਮਾ?" ਵਰਗੀਆਂ ਕੌੜੀਆਂ ਕੁਸੈਲ਼ੀਆਂ ਵੀ ਸੁਣਨ ਨੂੰ ਮਿਲੀਆਂ। ਅੱਜ ਕੱਲ੍ਹ ਕੁਝ 'ਬੋਤਲ-ਸੂਤ' ਬੰਦੇ ਅੱਡੋ-ਅੱਡੀ ਧਿਰਾਂ ਵਿਚ ਵੜ ਗਏ ਹਨ, ਅੰਜਾਮ ਖ਼ੁਦਾ ਜਾਣੇਂ! ਅਸੀਂ ਤਾਂ ਪੱਲਿਓਂ ਪੈਟਰੌਲ ਅਤੇ ਵਕਤ ਖ਼ਰਚ ਕੇ ਚੁੱਪ-ਚਾਪ ਘਰ ਬੈਠ ਗਏ ਹਾਂ।
ਸਮੇਂ ਦੇ ਬੀਤਣ ਨਾਲ ਔਰਤ ਆਪਣੀ ਹੋਂਦ ਪਹਿਚਾਣ ਕੇ ਆਪਣੇ ਆਦਰਸ਼ਾਂ ਅਤੇ ਤਾਕਤ ਦੀ ਵਰਤੋਂ ਕਰ ਰਹੀ ਹੈ। ਆਰਥਿਕ, ਸਮਾਜਿਕ ਅਤੇ ਧਾਰਮਿਕ ਅਜ਼ਾਦੀ ਨੇ ਉਸ ਦੀ ਜ਼ਿੰਦਗੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ ਅਤੇ ਉਹ ਆਪਣੇ ਆਤਮ-ਵਿਸ਼ਵਾਸ ਦੇ ਜ਼ਰੀਏ ਹਰ ਖੇਤਰ ਵਿਚ ਸਫ਼ਲਤਾ ਦੀਆਂ ਸਿਖਰਾਂ ਛੂਹ ਰਹੀ ਹੈ। ਹੁਣ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਪਤੀ ਅਤੇ ਬੱਚਿਆਂ ਵਿਚ ਦੇਖਣ ਦੀ ਚਾਹਵਾਨ ਨਾ ਹੋ ਕੇ, ਸਗੋਂ ਉਸ ਨੂੰ ਖ਼ੁਦ ਪੂਰਾ ਕਰਨਾ ਚਾਹੁੰਦੀ ਹੈ। ਇੱਥੋਂ ਤੱਕ ਕਿ ਔਰਤ ਦਾ ਜੀਵਨ ਸਾਥੀ ਚੁਣਨ ਦਾ ਫ਼ੈਸਲਾ ਵੀ ਉਸ ਦਾ ਆਪਣਾ ਹੈ ਅਤੇ ਉਹ ਆਪਣੇ ਪ੍ਰੇਮ-ਸਬੰਧਾਂ ਨੂੰ ਵੀ ਸਿਰੇ ਚੜ੍ਹਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਵਿਆਹ ਦਾ ਸਫ਼ਲ ਹੋਣਾ ਤਾਂ ਸ਼ੁਭ ਸ਼ਗਨ ਹੈ, ਪਰ ਅਸਫ਼ਲ ਹੋਣ ਦੀ ਸ਼ਰਤ ਵਿਚ ਨੌਬਤ 'ਤਲਾਕ' ਤੱਕ ਆ ਜਾਂਦੀ ਹੈ!
ਕੀ ਕਾਰਨ ਹੈ ਕਿ ਔਰਤ-ਮਰਦ ਦਾ ਆਪਣਾ ਕੀਤਾ ਫ਼ੈਸਲਾ ਵੀ ਇੱਥੇ ਆ ਕੇ ਬੇਅਰਥ ਸਿੱਧ ਹੋ ਜਾਂਦਾ ਹੈ? ਉਨ੍ਹਾਂ ਵਿਚ ਬਹੁਤ ਕੁਝ ਸਾਂਝਾ ਹੁੰਦਾ ਹੋਇਆ ਵੀ ਵੱਖਰਾ ਹੁੰਦਾ ਹੈ ਅਤੇ ਇਹ ਵਖਰੇਂਵਾਂ ਤਲਾਕ ਦਾ ਰੂਪ ਧਾਰਨ ਕਰਦਾ ਹੈ। ਇਸ ਲਈ ਇਸ ਪ੍ਰਸੰਗ ਵਿਚ ਦੋਨੋਂ ਧਿਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ। ਜਿੱਥੇ ਔਰਤ ਪਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਮਾਪਦੀ ਰਹਿੰਦੀ ਹੈ ਅਤੇ ਉਸ ਦੀ ਸਿ਼ਕਾਇਤ ਕਰਦੀ ਰਹਿੰਦੀ ਹੈ ਕਿ ਉਸ ਦਾ ਪਤੀ ਉਸ ਅਤੇ ਬੱਚਿਆਂ ਪ੍ਰਤੀ ਲਾਪ੍ਰਵਾਹ ਹੈ, ਜਾਂ ਉਸ ਦੇ ਸਬੰਧ ਕਿਸੇ 'ਗ਼ੈਰ-ਔਰਤ' ਨਾਲ ਹਨ, ਉਥੇ ਮਰਦ ਦੀ ਸੋਚ ਵੀ 'ਜੰਗੀਰੂ' ਹੈ ਕਿ ਹਰ ਚੀਜ਼ ਉਸ ਦੀ ਹੈ ਅਤੇ ਔਰਤ ਨੂੰ ਵੀ ਉਹ 'ਸਾਂਭਣ ਵਾਲੀ' ਵਸਤੂ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਜੇ ਔਰਤ ਆਪਣੀ ਅਜ਼ਾਦੀ ਲਈ ਸੰਘਰਸ਼ (ਕੋਸ਼ਿਸ਼) ਕਰਦੀ ਹੈ ਤਾਂ ਉਸ ਨੂੰ ਤਲਾਕ ਲੈਣਾ ਪੈ ਰਿਹਾ ਹੈ! ਅਜਿਹੀ ਹਾਲਤ ਵਿਚ ਰਿਸ਼ਤੇ ਸਿਰਫ਼ "ਭਾਰ-ਢੋਣ" ਵਾਲੇ ਹੀ ਰਹਿ ਜਾਂਦੇ ਹਨ!! ਇਸ ਲਈ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਆਦਮੀ ਅਤੇ ਔਰਤ ਦੋਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਦੋਨਾਂ ਨੂੰ ਹੀ ਆਪਣੀ ਸੋਚ ਵਿਸ਼ਾਲ ਕਰਨੀ ਚਾਹੀਦੀ ਹੈ। ਵਿਚਾਰਾਂ ਦੀ ਸਾਂਝ ਜ਼ਰੂਰੀ ਹੈ। ਇਕ ਦੂਜੇ ਬਾਰੇ ਤਾਰੀਫ਼ ਸੁਣ ਕੇ ਈਰਖ਼ਾ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਪਤੀ ਜਾਂ ਪਤਨੀ ਦੀ ਕਾਬਲੀਅਤ 'ਤੇ ਮਾਣ ਹੋਣਾ ਚਾਹੀਦਾ ਹੈ।
ਜਿੱਥੇ ਔਰਤ ਨੂੰ ਆਦਮੀ ਦੇ ਹਾਲਾਤ ਸਮਝਣੇ ਚਾਹੀਦੇ ਹਨ, ਉਥੇ ਆਦਮੀ ਨੂੰ ਵੀ ਔਰਤ ਦੀਆਂ ਭਾਵਨਾਵਾਂ ਸਮਝਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਆਪਣੇ ਫ਼ੈਸਲੇ ਜ਼ਬਰੀ ਨਾ ਠੋਸ ਕੇ ਔਰਤ ਦੇ ਫ਼ੈਸਲਿਆਂ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਹੈ। ਹਮੇਸ਼ਾ ਇਕ ਦੂਜੇ ਦੀ ਗੱਲ ਦਾ ਪੱਖ ਸਮਝਣਾ ਚਾਹੀਦਾ ਹੈ। ਗੱਲਬਾਤ ਦੌਰਾਨ ਧੀਰਜ ਨਹੀਂ ਛੱਡਣਾ ਚਾਹੀਦਾ। ਬੀਤੀਆਂ ਗੱਲਾਂ ਨੂੰ ਦੁਹਰਾਉਣ ਦੀ ਵਜਾਏ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਕਈ ਲੋਕਾਂ ਦਾ ਕਥਨ ਹੈ ਕਿ ਪ੍ਰੇਮ-ਵਿਆਹ ਅਕਸਰ ਟੁੱਟ ਜਾਂਦੇ ਹਨ, ਜੋ ਕਿ ਸਹੀ ਨਹੀਂ ਹੈ। ਮੈਂ ਕਈ 'ਲਵ-ਮੈਰਿਜ' ਵਾਲੇ ਜੋੜੇ ਬੜੇ ਹੀ ਸੁਖੀ ਅਤੇ ਖ਼ੁਸ਼ਹਾਲ ਵੱਸਦੇ ਦੇਖੇ ਹਨ।
ਇਸ ਤਲਾਕ ਦੇ ਮਾਮਲੇ ਵਿਚ ਕਿਸੇ ਨਾ ਕਿਸੇ ਤਰ੍ਹਾਂ, ਸਿੱਧੇ ਜਾਂ ਅਸਿੱਧੇ ਤੌਰ 'ਤੇ ਮਾਂ-ਬਾਪ ਦਾ ਵੀ ਰੋਲ ਹੁੰਦਾ ਹੈ। ਜਦੋਂ ਅਜੋੜ ਜੋੜਾ ਗਾਂ-ਮੱਝ ਵਾਂਗ 'ਨਰੜ' ਦਿੱਤਾ ਜਾਂਦਾ ਹੈ ਤਾਂ ਇਸ ਦਾ ਸਿੱਟਾ ਆਖਰ ਤਬਾਹੀ ਵਿਚ ਹੀ ਨਿਕਲਦਾ ਹੈ। ਉਦੋਂ ਇੱਥੇ ਊਠ ਦੇ ਗਲ ਟੱਲੀ ਵਾਲੀ ਗੱਲ ਹੋ ਨਿਬੜਦੀ ਹੈ ਅਤੇ ਬੰਦਾ ਅਥਾਹ ਦੁਖੀ, ਗਲ ਪਿਆ ਢੋਲ ਸਾਰੀ ਉਮਰ ਹੀ ਵਜਾਉਂਦਾ ਰਹਿੰਦਾ ਹੈ! ਪਰ ਬੰਦਾ ਮਾਂ-ਬਾਪ ਦੀ ਅਖੌਤੀ ਇੱਜ਼ਤ ਅਤੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਸੋਚ ਕੇ ਹੀ ਝੁਰਦਾ ਰਹਿੰਦਾ ਹੈ। ਉਦੋਂ ਉਸ ਦੇ ਮੂੰਹ ਵਿਚ ਸੱਪ ਵਾਂਗ ਉਹ ਕੋਹੜ ਕਿਰਲੀ ਆ ਜਾਂਦੀ ਹੈ, ਜਿਸ ਨੂੰ ਉਹ ਨਾ ਅੰਦਰ ਹੀ ਲੰਘਾ ਸਕਦਾ ਹੈ ਅਤੇ ਨਾ ਹੀ ਬਾਹਰ ਥੁੱਕ ਸਕਦਾ ਹੈ। ਬੱਸ! ਇੱਥੇ ਬੰਦੇ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਬਣ ਕੇ ਰਹਿ ਜਾਂਦੀ ਹੈ ਅਤੇ ਉਹ ਸਾਰੀ ਉਮਰ ਘੁੱਟ-ਘੁੱਟ ਕੇ ਮਰਦਾ ਰਹਿੰਦਾ ਹੈ। ਜਦੋਂ ਮੈਂ 'ਲਵ-ਮੈਰਿਜ' ਕਰਵਾਉਣ ਲੱਗਿਆ ਸੀ ਤਾਂ ਮੇਰੇ ਘਰਦਿਆਂ ਦੇ ਢਿੱਡ ਵਿਚ ਵੀ "ਖ਼ਾਨਦਾਨੀ" ਦਾ ਸੂਲ ਉਠਿਆ ਸੀ।
ਗੱਲ ਸਿਰਫ਼ ਲੰਮੀ ਸੋਚ ਅਤੇ ਵਿਸ਼ਾਲ ਦੂਰ-ਦ੍ਰਿਸ਼ਟੀ ਦੀ ਹੈ। ਘਰ ਦਾ ਕਲੇਸ਼ ਸਿਰਫ਼ ਉਦੋਂ ਹੀ ਵਧੇਗਾ ਜਦੋਂ ਬਾਹਰਲਾ ਕੋਈ ਆਦਮੀ ਤੁਹਾਡੀ ਨਿੱਜੀ ਜ਼ਿੰਦਗੀ ਵਿਚ ਆ ਕੇ ਦਖ਼ਲ ਦੇਵੇਗਾ ਅਤੇ ਘੜ੍ਹੰਮ ਚੌਧਰੀ ਬਣੇਗਾ। ਤਲਾਕ ਤਾਂ ਉਂਜ ਅਸਾਧਾਰਨ ਹਾਲਾਤਾਂ ਵਿਚ ਹੀ ਜ਼ਰੂਰੀ ਹੈ। ਜਿੱਥੇ ਪ੍ਰੀਵਰਤਨ ਦੀ ਸੰਭਾਵਨਾ ਨਾ ਰਹਿ ਜਾਵੇ! ਪੱਛਮੀ ਦੇਸ਼ਾਂ ਦੀ ਗੱਲ ਕੁਝ ਹੋਰ ਹੈ। ਪਰ ਭਾਰਤੀ ਨਾਰੀ ਨੂੰ ਆਪਣੀ ਸੰਵੇਦਨਾ ਅਤੇ ਚੇਤਨਤਾ ਨੂੰ ਤੀਖਣ ਕਰਨ ਦੀ ਲੋੜ ਹੈ। ਕਿਉਂਕਿ ਭਾਰਤੀ ਸਮਾਜ ਦੇ ਸੁਭਾਅ ਅਤੇ ਬਣਤਰ ਨੂੰ ਅਜੇ ਵੀ ਤਲਾਕ ਪ੍ਰਵਾਨ ਨਹੀਂ। ਪਰ ਜੇ ਤਲਾਕ ਜ਼ਰੂਰੀ ਹੋ ਜਾਵੇ ਤਾਂ ਇਸਤਰੀ ਪ੍ਰਤੀ ਰਵੱਈਆ ਨਿੰਦਕ ਜਾਂ ਫਿਰ ਨਾਂਹ-ਵਾਚਕ ਨਹੀਂ ਹੋਣਾ ਚਾਹੀਦਾ। ਸਗੋਂ ਇਸਤਰੀ ਪ੍ਰਤੀ ਰਵੱਈਏ ਵਿਚ ਸਿਧਾਂਤਕ ਅਤੇ ਵਿਵਹਾਰਕ ਪੱਧਰ 'ਤੇ ਤਬਦੀਲੀ ਦਾ ਆਉਣਾ ਜ਼ਰੂਰੀ ਹੈ।
ਸਭ ਤੋਂ ਜ਼ਿਆਦਾ ਪਰਿਵਾਰਕ ਤਬਾਹੀ ਉਦੋਂ ਭਿਆਨਕ ਰੁਖ਼ ਅਖ਼ਤਿਆਰ ਕਰਦੀ ਹੈ, ਜਦੋਂ ਚੁਗਲ ਲੋਕ, ਖਾਹ-ਮਖਾਹ ਆ ਕੇ ਦੋਨਾਂ ਧਿਰਾਂ ਨੂੰ 'ਰੇਤਦੇ' ਹਨ। ਬੱਸ! ਫਿਰ ਤਾਂ ਸਹੇ ਦੀਆਂ ਤਿੰਨ ਟੰਗਾਂ ਹੀ ਵਾਧੂ ਹੁੰਦੀਆਂ ਹਨ। ਸਿਆਣੇ ਆਖਦੇ ਹਨ ਕਿ ਹੱਸਦਿਆਂ ਦੇ ਨਾਲ ਸਾਰੇ ਹੱਸਦੇ ਹਨ, ਪਰ ਰੋਂਦਿਆਂ ਦਾ ਕੋਈ ਮੂੰਹ ਨਹੀਂ ਪੂੰਝਦਾ! ਇਕ ਦੂਜੇ ਉਪਰ ਚਿੱਕੜ ਸੁੱਟਣ ਤੋਂ ਪਹਿਲਾਂ ਹਰ ਔਰਤ-ਮਰਦ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ।
Thursday, November 27, 2008
ਤੁਹਾਡੇ ਧਿਆਨ ਗੋਚਰੇ...
ਦੋਸਤੋ! ਨਵਰਾਹੀ ਜੀ ਜਲੰਧਰ ਤੋਂ ਦੈਨਿਕ ਭਾਸਕਰ ਦੇ ਮੈਗਜ਼ੀਨ ਸੈਕਸ਼ਨ ਦੇ ਐਡੀਟਰ ਹਨ ਤੇ ਬਹੁਤ ਹੀ ਵਧੀਆ ਕਲਮ ਨਵੀਸ ਤੇ ਸਾਹਿਤਕ ਤੌਰ ਤੇ ਵੀ ਬਹੁਤ ਸਰਗਰਮ । ਉਹਨਾਂ ਨੇ ਹਿੰਦੀ ‘ਚ कुंज गली ਬਲੌਗ ਤੋਂ ਬਾਅਦ ਹੁਣ ਸ਼ਬਦ ਮੰਡਲ ਨਾਂ ਦਾ ਬਲੌਗ ਪੰਜਾਬੀ ‘ਚ ਵੀ ਸ਼ੁਰੂ ਕੀਤਾ ਹੈ। ਪੰਜਾਬੀ ‘ਚ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਘੱਟ ਬਲੌਗ ਬਣੇ ਹਨ, ਜਿਹੜੇ ਸਿਰਫ਼ ਤੇ ਸਿਰਫ਼ ਮਿਆਰੀ ਸਾਹਿਤ ਨੂੰ ਸਮਰਪਿਤ ਨੇ। ਬਹੁਤ ਖ਼ੁਸ਼ੀ ਤੇ ਮਾਣ ਵਾਲ਼ੀ ਗੱਲ ਹੈ ਕਿ ਹੁਣ ‘ਸ਼ਬਦ ਮੰਡਲ’ ਨਾਂ ਦੀ ਇਸ ਸਾਹਿਤ ਸਭਾ ਨੇ ‘ਆਰਸੀ’ ਤੋਂ ਬਾਅਦ ਜਲੰਧਰ ਤੋਂ ਇਸ ਸ਼ੁੱਭ ਕੰਮ ਨੂੰ ਅੱਗੇ ਤੋਰਨ ਦੀ ਪਿਰਤ ਆਰੰਭੀ ਹੈ। ਅਖ਼ਬਾਰ ਦੇ ਰੁਝੇਵਿਆਂ ਦੇ ਬਾਵਜੂਦ, ਮੈਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਨਵਰਾਹੀ ਜੀ ਸਾਈਟ ਤੇ ਲਿਖਤਾਂ ਪੋਸਟ ਕਰਨੀਆਂ ਆਰੰਭ ਕਰ ਦੇਣਗੇ। ਨਵਰਾਹੀ ਜੀ ਦੇ ਨਾਲ਼-ਨਾਲ਼ ਦੀਪ ਨਿਰਮੋਹੀ ਜੀ ਤੇ ਜਸਵੀਰ ਹੁਸੈਨ ਜੀ ਇਸ ਸਾਈਟ ਨੂੰ ਤਿਆਰ ਕਰਨ ‘ਚ ਗਰਮਜੋਸ਼ੀ ਨਾਲ਼ ਜੁਟੇ ਹੋਏ ਨੇ, ਮੈਂ ‘ਆਰਸੀ’ ਵੱਲੋਂ ਇਹਨਾਂ ਸਭ ਦੋਸਤਾਂ ਨੂੰ ਹਾਰਦਿਕ ਵਧਾਈ ਭੇਜ ਰਹੀ ਹਾਂ। ਇਸ ਸਾਈਟ ਤੇ ਤੁਸੀਂ ਵੀ ਜ਼ਰੂਰ ਫ਼ੇਰੀ ਪਾਇਆ ਕਰੋ।
ਸ਼ੁੱਭ ਇੱਛਾਵਾਂ ਸਹਿਤ
ਤਨਦੀਪ ‘ਤਮੰਨਾ’
ਪਰਵੀਨ ਸ਼ਾਕਿਰ - ਉਰਦੂ ਰੰਗ
ਦੋਸਤੋ! ਅੱਜ ਸੋਚਿਆ ਕਿਉਂ ਨਾ ਉਰਦੂ ਦੀ ਮਸ਼ਹੂਰ ਸ਼ਾਇਰਾ ਪਰਵੀਨ ਸ਼ਾਕਿਰ ਸਾਹਿਬਾ ਦੀਆਂ ਖ਼ੂਬਸੂਰਤ ਗ਼ਜ਼ਲਾਂ ਤੁਹਾਡੇ ਸਭ ਨਾਲ਼ ਸਾਂਝੀਆਂ ਕਰਾਂ...ਉਹਨਾਂ ਦੀ ਸ਼ਾਇਰੀ ਦੀ ਮੈਂ ਕਾਇਲ ਹਾਂ।
ਗ਼ਜ਼ਲ
ਬਿਛੜਾ ਹੈ ਜੋ ਏਕ ਬਾਰ ਤੋ ਮਿਲਤੇ ਨਹੀਂ ਦੇਖਾ।
ਇਸ ਜ਼ਖ਼ਮ ਕੋ ਹਮਨੇ ਕਭੀ ਸਿਲਤੇ ਨਹੀਂ ਦੇਖਾ।
--------
ਇਸ ਬਾਰ ਜਿਸੇ ਚਾਟ ਗਈ ਧੂਪ ਕੀ ਖ਼ਵਾਹਿਸ਼,
ਫ਼ਿਰ ਸ਼ਾਖ਼ ਪੇ ਉਸ ਫ਼ੂਲ ਕੋ ਖਿਲਤੇ ਨਹੀਂ ਦੇਖਾ।
--------
ਯਕ ਲਖ਼ਤ ਗਿਰਾ ਹੈ ਤੋ ਜੜ੍ਹੇਂ ਤਕ ਨਿਕਲ ਆਈਂ,
ਜਿਸ ਪੇੜ ਕੋ ਆਂਧੀ ਮੇਂ ਭੀ ਹਿਲਤੇ ਨਹੀਂ ਦੇਖਾ।
-------
ਕਾਂਟੋਂ ਮੇਂ ਘਿਰੇ ਫ਼ੂਲ ਕੋ ਚੂਮ ਆਏਗੀ ਤਿਤਲੀ,
ਤਿਤਲੀ ਕੇ ਪਰੋਂ ਕੋ ਭਿ ਕਭੀ ਛਿਲਤੇ ਨਹੀਂ ਦੇਖਾ।
-----
ਕਿਸ ਤਰਹ ਮੇਰੀ ਰੂਹ ਹਰੀ ਕਰ ਗਯਾ ਆਖ਼ਿਰ,
ਵੁਹ ਜ਼ਹਿਰ ਜਿਸੇ ਜਿਸਮ ਮੇਂ ਖਿਲਤੇ ਨਹੀਂ ਦੇਖਾ।
==================
ਗ਼ਜ਼ਲ
ਖੁਲੀ ਆਂਖੋਂ ਮੇਂ ਸਪਨਾ ਜਾਗਤਾ ਹੈ।
ਵੁਹ ਸੋਇਆ ਹੈ ਕਿ ਕੁਛ-ਕੁਛ ਜਾਗਤਾ ਹੈ।
-------
ਤੇਰੀ ਚਾਹਤ ਕੇ ਭੀਗੇ ਜੰਗਲੋਂ ਮੇਂ,
ਮੇਰਾ ਤਨ ਮੋਰ ਬਨ ਕੇ ਨਾਚਤਾ ਹੈ।
-----
ਮੁਝੇ ਹਰ ਕ਼ੈਫ਼ੀਅਤ ਮੇਂ ਕਿਊਂ ਨਾ ਸਮਝੇ,
ਵੁਹ ਮੇਰੇ ਸਬ ਹਵਾਲੇ ਜਾਨਤਾ ਹੈ।
------
ਕਿਸੀ ਕੇ ਧਿਆਨ ਮੇਂ ਡੂਬਾ ਹੂਆ ਦਿਲ,
ਬਹਾਨੇ ਸੇ ਮੁਝੇ ਭੀ ਟਾਲਤਾ ਹੈ।
-----
ਸੜਕ ਕੋ ਛੋੜ ਕਰ ਚਲਨਾ ਪੜੇਗਾ,
ਕਿ ਮੇਰੇ ਘਰ ਕਾ ਕੱਚਾ ਰਾਸਤਾ ਹੈ।
ਪੰਜਾਬੀ ਰੂਪਾਂਤਰਣ: ਤਨਦੀਪ 'ਤਮੰਨਾ'
ਦੀਪ ਨਿਰਮੋਹੀ -ਨਜ਼ਮ
ਨਜ਼ਮ
ਮੈਂ
ਕਵਿਤਾ ਦੀ ਦਹਿਲੀਜ਼ ‘ਤੇ
ਕਦਮ ਰੱਖਣ ਤੋਂ
ਡਰਦਾ ਰਹਿੰਦਾ ਹਾਂ
ਕਿਉਂਕਿ
ਕਵਿਤਾ ਨਾਜ਼ੁਕ ਹੁੰਦੀ ਹੈ
ਕਵਿਤਾ ਦੇ ਸੁਹਲ ਜਿਹੇ ਪਿੰਡੇ ਤੋਂ
ਝੱਲੀ ਨਹੀਂ ਜਾਣੀ
ਮੇਰੇ ਅਹਿਸਾਸਾਂ ਦੀ ਤਪਸ਼
ਮੇਰੇ ਬੋਲਾਂ ਦੀ ਗਰਮੀ
ਪਰ
ਜਦੋਂ ਕੋਈ ਹੋਰ ‘ਮੁਕਤੀ-ਮਾਰਗ’
ਨਹੀਂ ਮਿਲਦਾ
ਤਾਂ
ਕਵਿਤਾ ਦੀ ਅਗਨੀ ਵਿੱਚ
ਭਸਮ ਹੋਇਆਂ ਹੀ
ਬਚਾ ਪਾਉਂਦਾ ਹਾਂ
ਆਪਣੇ ਜਿਊਂਦੇ ਰਹਿਣ ਦਾ
ਅਹਿਸਾਸ।
ਦਵਿੰਦਰ ਸਿੰਘ ਪੂਨੀਆ - ਨਜ਼ਮ
ਲਘੂ ਨਜ਼ਮ
ਠੀਕ ਹੈ
ਕਹੇ ਹੋਏ ਬੋਲ
ਵਾਪਸ ਲੈ ਲਏ ਜਾਂਦੇ ਨੇ
ਮੁਆਫ਼ੀ ਮੰਗ ਲਈ ਜਾਂਦੀ ਹੈ
ਇਕ ਪਾਸੇ ਨੂੰ ਮੋੜਿਆ
ਸਟੇਅਰਿੰਗ ਵ੍ਹੀਲ
ਵਾਪਸ ਆਪਣੀ ਜਗ੍ਹਾ
ਘੁੰਮ ਆਉਂਦਾ ਹੈ
ਉਦੋਂ ਤਕ
ਪਰ
ਗੱਡੀ......
ਮੋੜ ਮੁੜ ਚੁੱਕੀ ਹੁੰਦੀ ਹੈ!
ਗੁਰਿੰਦਰਜੀਤ - ਨਜ਼ਮ
ਮੌਸਮ
ਨਜ਼ਮ
ਸੁਣਿਐ,
ਕਿ ਗਰਮੀ ਨਾਲ,
ਚੀਜ਼ਾਂ ਫੈਲਦੀਆਂ ਨੇ,
ਸਰਦੀ ਨਾਲ਼,
ਸੁੰਗੜ ਜਾਂਦੀਆਂ ਨੇ...!
ਇੰਝ ਸਹੀ ਹੈ ਤਾਂ ਫਿਰ..
ਕਦੋਂ ਰਿੱਝੇਗੀ
ਮੇਰੀ
ਕੋਕੜੂਆਂ ਭਰੀ ਦਾਲ਼?
ਕਦੋਂ ਮੁੱਕੇਗਾ
ਮੇਰੇ
ਰਿਸ਼ਤਿਆਂ ਦਾ ਸਿਆਲ਼?
ਕਦੇ ਵਾਪਸ ਵੀ ਪਰਤੇਗਾ..
ਮੁੜ ਦਾਦੀ ਦੀ ਗਲਵੱਕੜੀ 'ਚ,
ਡੇ-ਕੇਅਰ ਘੱਲਿਆ ਬਾਲ਼?
ਮਖਾਂ ਕੀ ਸੁਣਾਈ ਜਾਵਾਂ
ਨਿੱਤ
ਚੰਦਰੇ ਮੌਸਮ ਦਾ ਹਾਲ...
ਹਰਮਿੰਦਰ ਬਣਵੈਤ - ਨਜ਼ਮ
ਏਥੇ ਇੰਗਲੈਂਡ ਵਿਚ ਕੋਈ 11 ਵਜੇ ਸਵੇਰ ਦਾ ਸਮਾਂ ਹੈ ਤੇ ਮੁੰਬਈ ਤੋਂ ਆਤੰਕਵਾਦੀ ਹਮਲੇ ਦੀਆਂ ਖ਼ਬਰਾਂ ਨੂੰ ਟੈਲੀਵੀਜ਼ਨ ਉੱਤੇ ਪਹਿਲ ਦਿੱਤੀ ਜਾ ਰਹੀ ਹੈ। ਆਦਮੀ ਕਿੰਨਾ ਗਿਰ ਗਿਆ ਹੈ! ਦੁਖੀ ਹਾਂ ਤੇ ਆਪਣੀ ਇਕ ਕਵਿਤਾ ਭੇਜ ਰਿਹਾ ਹਾਂ ਜੋ ਇਸੇ ਵਿਸ਼ੇ ਤੇ ਹੈ।
ਹਰਮਿੰਦਰ ਬਣਵੈਤ
ਨੰਗੇਜ
ਨਜ਼ਮ
ਟੀ.ਵੀ. ਵੇਖਦਿਆਂ
ਜਦੋਂ ਵੀ ਨੇ ਆਉਂਦੀਆਂ
ਅਸ਼ਲੀਲ
ਅਣਢਕੀਆਂ
ਅਣਕੱਜੀਆਂ
ਤਸਵੀਰਾਂ
ਚੈਨਲ ਬਦਲ ਦਿੰਦਾ ਹਾਂ ਮੈਂ ।
ਹੁਣ ਜਦੋਂ .....
ਮੈਂ ਵੇਖਦਾਂ
ਬੰਬ ਵਿਸਫ਼ੋਟਾਂ ਦੀਆਂ ਘਟਨਾਵਾਂ
ਹਰ ਪਾਸੇ
ਖਿਲਰੀਆਂ ਹੋਈਆਂ ਲਾਸ਼ਾਂ
ਉਭਰਦਾ ਹੈ
ਇਕ ਅਸ਼ਲੀਲ....
ਨੰਗਾ ਹੋ ਗਿਆ ਆਦਮੀ!
ਪਰ.......
ਚੈਨਲ ਬਦਲ ਸਕਣ ਦੀ
ਮੇਰੇ ਵਿਚ........
ਸਮਰੱਥਾ ਨਹੀਂ!!!
ਗੁਰਨਾਮ ਗਿੱਲ - ਗ਼ਜ਼ਲ
ਸਰਗਮਾਂ ਦੇ ਬੋਲ ਸੁਣਕੇ ਮਾਤਮੀ ।
ਗੀਤ ਦੇ ਨੈਣਾਂ ‘ਚ ਆਈ ਹੈ ਨਮੀ!
----
ਸਾਰੀ ਮਹਿਫ਼ਲ ਜਾਪਦੀ ਸੀ ਖੁਸ਼ ਬੜੀ,
ਰੜਕਦੀ ਸੀ ਮੈਨੂੰ ਇਕ ਤੇਰੀ ਕਮੀ।
----
ਰਿਸ਼ਤਿਆਂ ਨੂੰ ਸਿਰਜਦੇ ਜਜ਼ਬਾਤ ਹੀ,
ਇਹ ਸਵਾਸਾਂ ਵਾਂਗ ਹੀ ਨੇ ਲਾਜ਼ਮੀ!
----
ਝਾਗਦੇ ਨੈਣਾਂ ‘ਚ ਸੁੱਤਾ ਵੇਖਿਆ,
ਖ਼ਾਬ ਇੱਕ ਮੈਂ ਮਖ਼ਮਲੀ ‘ਤੇ ਰੇਸ਼ਮੀ।
----
ਕਾਸ਼ ਹੁੰਦਾ ਜ਼ਿੰਦਗੀ ਨੂੰ ਸਮਝਿਆ,
ਖਾ ਰਹੀ ਦਿਨ ਰਾਤ ਹੁਣ ਏਹੋ ਗ਼ਮੀ।
----
ਧਰਮ ਦੇ ਨਾਂ ‘ਤੇ ਨਾ ਝਗੜੇ ਹੋਂਵਦੇ,
ਆਦਮੀ ਨੂੰ ਸਮਝਦਾ ਜੇ ਆਦਮੀ!
ਵਜ਼ਨ: ਦੋ ਵਾਰੀ ਫਾਇਲਾਤੁਨ+ਫਾਇਲੁਨ
Wednesday, November 26, 2008
ਕੁੰਵਰ ਨਾਰਾਇਣ - ਨਜ਼ਮ

ਆਦਮੀ ਦਾ ਚਿਹਰਾ
ਨਜ਼ਮ
“ਕੁਲੀ”! ਪੁਕਾਰਦੇ ਹੀ
ਮੇਰੇ ਅੰਦਰ ਕੋਈ ਹੈਰਾਨੀ ਹੋਈ...
ਇੱਕ ਆਦਮੀ ਖੜ੍ਹਾ ਹੋ ਗਿਆ
ਮੇਰੇ ਕੋਲ਼
ਸਮਾਨ ਸਿਰ ਤੇ ਲੱਦ ਕੇ
ਮੇਰੇ ਸਵੈ-ਅਭਿਮਾਨ ਤੋਂ
ਦਸ ਕਦਮ ਦੂਰ
ਤੁਰਨ ਲੱਗਾ।
ਓਹ.........
ਜੋ ਕਿੰਨੇ ਹੀ ਸਫ਼ਰਾਂ ‘ਚ
ਮੇਰਾ ਸਮਾਨ ਢੋਅ ਚੁੱਕਿਆ ਸੀ।
ਮੈਂ.........
ਓਹਦੇ ਚਿਹਰੇ ਤੋਂ ਓਹਨੂੰ
ਕਦੇ ਨਹੀਂ ਸੀ ਪਹਿਚਾਣਿਆ
ਸਿਰਫ਼ ਉਸ 'ਨੰਬਰ' ਤੋਂ ਜਾਣਿਆ
ਜੋ ਓਹਦੀ ਲਾਲ ਕਮੀਜ਼ ਤੇ
ਲੱਗਿਆ ਹੁੰਦਾ।
...................
.......ਅੱਜ.....
ਜਦੋਂ ਆਪਣਾ ਸਮਾਨ
ਆਪ ਚੁੱਕਿਆ
ਤਾਂ ..........
ਇੱਕ 'ਆਦਮੀ' ਦਾ ਚਿਹਰਾ
ਯਾਦ ਆਇਆ!
===================
ਦੀਵਾਰਾਂ
ਨਜ਼ਮ
ਹੁਣ ਮੈਂ
ਇੱਕ ਛੋਟੇ ਜਿਹੇ ਘਰ
ਤੇ.........
ਬਹੁਤ ਵੱਡੀ ਦੁਨੀਆਂ ‘ਚ
ਰਹਿੰਦਾ ਹਾਂ
ਕਦੇ ਮੈਂ
ਇੱਕ ਬਹੁਤ ਵੱਡੇ ਘਰ
ਤੇ ਛੋਟੀ ਜਿਹੀ
ਦੁਨੀਆਂ ‘ਚ ਰਹਿੰਦਾ ਸੀ
ਘੱਟ ਦੀਵਾਰਾਂ ਨਾਲ਼
ਬੜਾ ਫ਼ਰਕ ਪੈਂਦਾ ਹੈ
ਦੀਵਾਰਾਂ ਨਾ ਹੋਣ ਤਾਂ
ਦੁਨੀਆ ਤੋਂ ਵੀ
ਵੱਡਾ ਹੋ ਜਾਂਦਾ ਏ
ਘਰ!
==========
ਉਦਾਸੀ ਦੇ ਰੰਗ
ਨਜ਼ਮ
ਉਦਾਸੀ ਵੀ
ਇੱਕ ਪੱਕਾ ਰੰਗ ਹੈ ਜੀਵਨ ਦਾ
ਉਦਾਸੀ ਦੇ ਵੀ ਬਹੁਤ ਰੰਗ ਹੁੰਦੇ ਨੇ
ਜਿਵੇਂ
ਫ਼ਿੱਕਾ ਜੋਗੀਆ
ਪੱਤਝੜ ਵਰਗਾ ਭੂਰਾ
ਅਸਮਾਨੀ ਨੀਲਾ
ਵੀਰਾਨੇ ਵਰਗਾ ਹਰਾ
ਬਰਫ਼ੀਲਾ ਸਫ਼ੈਦ
ਬੁਝਦਾ ਲਾਲ
ਬੀਮਾਰਾਂ ਵਰਗਾ ਪੀਲ਼ਾ
ਕਦੇ-ਕਦੇ ਧੋਖਾ ਹੋ ਜਾਂਦਾ
ਖ਼ੁਸ਼ੀ ਦੇ ਇੰਦਰਧਨੁਸ਼ੀ ਰੰਗਾਂ ਨਾਲ਼
ਖੇਡਦੇ ਵਕਤ
ਕਿ..........
ਓਹ ਕਿਤੇ.........
ਉਦਾਸੀਆਂ ਤੋਂ ਖੋਹੇ ਹੋਏ
ਰੰਗ ਤਾਂ ਨਹੀਂ??
===========
ਇਹ ਸ਼ਬਦ ਓਥੇ ਹੀ ਨੇ...
ਨਜ਼ਮ
ਇਹ ਜਗ੍ਹਾ ਓਹੀ ਹੈ
ਜਿੱਥੇ ਕਦੇ ਮੈਂ
ਜਨਮ ਲਿਆ ਹੋਣਾ
ਇਸ ਜਨਮ ਤੋਂ ਪਹਿਲਾਂ
---
ਇਹ ਮੌਸਮ ਵੀ ਓਹੀ...
ਜਿਸ ਵਿੱਚ ਮੈਂ
ਕਦੇ ਪਿਆਰ ਕੀਤਾ ਹੋਣਾ
ਇਸ ਪਿਆਰ ਤੋਂ ਪਹਿਲਾਂ
---
ਇਹ ਸਮਾਂ ਓਹੀ ਹੈ
ਜਿਸ ਵਿੱਚ ਮੈਂ ਬੀਤ ਚੁੱਕਾ ਹਾਂ ਕਦੇ
ਇਸ ਸਮੇਂ ਤੋਂ ਪਹਿਲਾਂ
---
ਓਥੇ ਹੀ ਕਿਤੇ
ਠਹਿਰੀ ਰਹਿ ਗਈ ਏ
ਇੱਕ ਕਵਿਤਾ
ਜਿੱਥੇ ਆਪਾਂ ਵਾਅਦਾ ਕੀਤਾ ਸੀ
ਫ਼ੇਰ ਮਿਲ਼ਾਂਗੇ
---
ਇਹ ਸ਼ਬਦ ਓਹੀ ਨੇ....
ਜਿਨ੍ਹਾਂ ਵਿੱਚ ਮੈਂ ਕਦੇ
ਜਿਉਂਇਆ ਹੋਣਾ ਇੱਕ ਜੀਵਨ
ਇਸ ਜੀਵਨ ਤੋਂ ਪਹਿਲਾਂ!
ਪੰਜਾਬੀ ਅਨੁਵਾਦ: ਤਨਦੀਪ ‘ਤਮੰਨਾ’